ਚੀਨ ਮਾਸਟਰਜ਼ ਦੇ ਪਹਿਲੇ ਦੌਰ ''ਚ ਉੱਨਤੀ ਹੁੱਡਾ ਨੂੰ ਕਰਨਾ ਪਿਆ ਹਾਰ ਦਾ ਸਾਹਮਣਾ
Wednesday, Sep 02, 2026 - 05:36 PM (IST)
ਸਪੋਰਟਸ ਡੈਸਕ- ਉੱਨਤੀ ਹੁੱਡਾ ਚੀਨ ਮਾਸਟਰਜ਼ ਸੁਪਰ 750 ਬੈਡਮਿੰਟਨ ਟੂਰਨਾਮੈਂਟ ’ਚ ਮੰਗਲਵਾਰ ਨੂੰ ਮਹਿਲਾ ਸਿੰਗਲਜ਼ ਦੇ ਪਹਿਲੇ ਦੌਰ ਦੀ ਚੁਣੌਤੀ ਪਾਰ ਕਰਨ ’ਚ ਅਸਫਲ ਰਹੀ, ਜਦਕਿ ਪੁਰਸ਼ ਡਬਲਜ਼ ’ਚ ਹਰੀਹਰਨ ਅਮਸਾਕਰੁਣਨ ਤੇ ਐੱਮ. ਆਰ. ਅਰਜੁਨ ਦੀ ਜੋੜੀ ਨੇ ਆਪਣੇ ਸ਼ੁਰੂਆਤੀ ਦੌਰ ਦੇ ਮੁਕਾਬਲੇ ’ਚ ਪਹਿਲੇ ਸੈੱਟ ਦੌਰਾਨ ਹੀ ਮੈਚ ਤੋਂ ਹਟਣ ਦਾ ਫੈਸਲਾ ਕੀਤਾ। ਵਿਸ਼ਵ ਰੈਂਕਿੰਗ ’ਚ 25ਵੇਂ ਸਥਾਨ ’ਤੇ ਕਾਬਜ਼ ਉੱਨਤੀ ਨੂੰ ਪਹਿਲੇ ਦੌਰ ’ਚ ਦੱਖਣੀ ਕੋਰੀਆ ਦੀ 12ਵੀਂ ਰੈਂਕਿੰਗ ਵਾਲੀ ਕਿਮ ਗਾ-ਯੂਨ ਹੱਥੋਂ 10-21, 18-21 ਨਾਲ ਹਾਰ ਝੱਲਣੀ ਪਈ।
ਹਰੀਹਰਨ ਤੇ ਅਰਜੁਨ ਦੀ ਜੋੜੀ ਪਹਿਲੇ ਸੈੱਟ ’ਚ ਚੀਨ ਦੇ ਚੇਨ ਬੋ ਯਾਂਗ ਤੇ ਲਿਊ ਯੀ ਵਿਰੁੱਧ 8-11 ਨਾਲ ਪਿੱਛੇ ਚੱਲ ਰਹੀ ਸੀ ਤਦ ਹੀ ਉਸ ਨੇ ਮੁਕਾਬਲੇ ’ਚੋਂ ਹਟਣ ਦਾ ਫੈਸਲਾ ਕੀਤਾ। ਉਨ੍ਹਾਂ ਦੇ ਮੈਚ ਤੋਂ ਹਟਣ ਦੀ ਵਜ੍ਹਾ ਤੁਰੰਤ ਸਪੱਸ਼ਟ ਨਹੀਂ ਹੋ ਸਕੀ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਫਿੱਟਨੈੱਸ ਨਾਲ ਜੁੜੀ ਹੋ ਸਕਦੀ ਹੈ। ਭਾਰਤੀ ਖਿਡਾਰੀਆਂ ਨਾਲ ਜੁੜੇ 7 ਮੁਕਾਬਲੇ ਬੁੱਧਵਾਰ ਨੂੰ ਖੇਡੇ ਜਾਣੇ ਹਨ, ਜਿਨ੍ਹਾਂ ’ਚ ਦੇਸ਼ ਦੇ ਚੋਟੀ ਦੇ ਖਿਡਾਰੀ ਲਕਸ਼ੈ ਸੇਨ ਤੇ ਕਿਦਾਂਬੀ ਸ਼੍ਰੀਕਾਂਤ ਵੀ ਆਪਣੀ ਮੁਹਿੰਮ ਦਾ ਆਗਾਜ਼ ਕਰਨਗੇ।
