ਸਿਬਲੀ ਨੇ ਗੇਂਦ 'ਤੇ ਕੀਤਾ ਲਾਰ ਦਾ ਇਸਤੇਮਾਲ, ਅੰਪਾਇਰ ਨੇ ਸੈਨੇਟਾਈਜ਼ ਕੀਤੀ ਗੇਂਦ
Sunday, Jul 19, 2020 - 09:52 PM (IST)
ਮਾਨਚੈਸਟਰ– ਆਖਿਰ ਜਿਸ ਦਾ ਡਰ ਸੀ, ਉਹੀ ਹੋ ਗਿਆ, ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਡਾਮ ਸਿਬਲੀ ਨੇ ਵੈਸਟਇੰਡੀਜ਼ ਵਿਰੁੱਧ ਚੱਲ ਰਹੇ ਦੂਜੇ ਟੈਸਟ ਮੈਚ ਦੇ ਚੌਥੇ ਦਿਨ ਐਤਵਾਰ ਨੂੰ ਗਲਤੀ ਨਾਲ ਗੇਂਦ 'ਤੇ ਮੂੰਹ ਦੀ ਲਾਰ ਦਾ ਇਸਤੇਮਾਲ ਕਰ ਦਿੱਤਾ, ਜਿਸ ਤੋਂ ਬਾਅਦ ਮੈਦਾਨੀ ਅੰਪਾਇਰ ਨੇ ਤੁਰੰਤ ਗੇਂਦ ਨੂੰ ਸੈਨੇਟਾਈਜ਼ ਕੀਤਾ। ਕੋਰੋਨਾ ਵਾਇਰਸ ਦੇ ਕਾਰਣ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਗੇਂਦ 'ਤੇ ਮੂੰਹ ਦੀ ਲਾਰ ਦੇ ਇਸਤੇਮਾਲ 'ਤੇ ਪਾਬੰਦੀ ਲਾ ਰੱਖੀ ਹੈ। ਇਹ ਘਟਨਾ ਚੌਥੇ ਦਿਨ ਦੇ ਲੰਚ ਤੋਂ ਪਹਿਲਾਂ 41ਵੇਂ ਓਵਰ ਦੀ ਹੈ, ਜਦੋਂ ਕ੍ਰਿਸ ਵੋਕਸ ਗੇਂਦਬਾਜ਼ੀ ਕਰ ਰਿਹਾ ਸੀ।
ਇਸ ਘਟਨਾ ਤੋਂ ਬਾਅਦ ਅੰਪਾਇਰ ਮਾਈਕਲ ਗਾਗ ਨੇ ਗੇਂਦ ਨੂੰ ਪੂਰੀ ਤਰ੍ਹਾਂ ਨਾਲ ਸੈਨੇਟਾਈਜ਼ ਕੀਤਾ। ਲਾਰ ਨਾਲ ਇਸ ਵਾਇਰਸ ਦੇ ਫੈਲਣ ਦਾ ਖਤਰਾ ਜ਼ਿਆਦਾ ਹੈ, ਇਸ ਲਈ ਸਾਰੇ ਖਿਡਾਰੀਆਂ ਨੂੰ ਇਸਦਾ ਇਸਤੇਮਾਲ ਕਰਨ ਤੋਂ ਮਨ੍ਹਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਾਰੇ ਖਿਡਾਰੀ ਦਹਾਕਿਆਂ ਤੋਂ ਗੇਂਦ 'ਤੇ ਲਾਰ ਦਾ ਇਸਤੇਮਾਲ ਕਰਦੇ ਆਏ ਹਨ। ਸਿਬਲੀ ਦੀ ਇਸ ਗਲਤੀ 'ਤੇ ਉਸ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ। ਆਈ. ਸੀ. ਸੀ. ਦੇ ਨਿਯਮ ਅਨੁਸਾਰ ਟੀਮ ਨੂੰ ਪਹਿਲਾਂ ਦੋ ਵਾਰ ਚਿਤਾਵਨੀ ਦਿੱਤੀ ਜਾਵੇਗੀ। ਜੇਕਰ ਉਹ ਫਿਰ ਵੀ ਨਿਯਮਾਂ ਦੀ ਉਲੰਘਣਾ ਕਰਦੇ ਹਨ ਤਾਂ ਟੀਮ ਦੇ ਖਾਤੇ ਵਿਚੋਂ 5 ਦੌੜਾਂ ਕੱਟ ਲਈਆਂ ਜਾਣਗੀਆਂ।