ਸ਼ੁਭਮਨ ਨੇ ਭਾਰਤੀ ਟੀ20 ਟੀਮ 'ਚ ਚੋਣ ਤੋਂ ਬਾਅਦ ਖੇਡੀ ਸੈਂਕੜੇ ਵਾਲੀ ਪਾਰੀ, 55 ਗੇਂਦਾਂ 'ਚ ਬਣਾਈਆਂ 126 ਦੌੜਾਂ
Tuesday, Nov 01, 2022 - 02:24 PM (IST)
ਨਵੀਂ ਦਿੱਲੀ : ਸੋਮਵਾਰ ਨੂੰ ਜਦੋਂ ਨਿਊਜ਼ੀਲੈਂਡ ਦੌਰੇ ਲਈ ਭਾਰਤੀ ਟੀ-20 ਟੀਮ ਦਾ ਐਲਾਨ ਕੀਤਾ ਗਿਆ ਤਾਂ ਉਸ ਵਿੱਚ ਸ਼ੁਭਮਨ ਗਿੱਲ ਦਾ ਨਾਂ ਵੀ ਸੀ। ਗਿੱਲ ਨੂੰ ਪਹਿਲੀ ਵਾਰ ਭਾਰਤੀ ਟੀ-20 ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਉਸੇ ਦਿਨ ਭਾਵ ਮੰਗਲਵਾਲ ਨੂੰ ਸਈਅਦ ਮੁਸ਼ਤਾਕ ਅਲੀ ਟਰਾਫੀ 2022 ਦੇ ਪਹਿਲੇ ਕੁਆਰਟਰ ਫਾਈਨਲ ਮੈਚ ਵਿੱਚ ਸ਼ੁਭਮਨ ਨੇ ਸੈਂਕੜਾ ਲਗਾ ਕੇ ਚੋਣਕਰਤਾਵਾਂ ਦੇ ਫੈਸਲੇ ਨੂੰ ਸਹੀ ਸਾਬਤ ਕੀਤਾ।
ਇਹ ਸੈਂਕੜਾ ਕਰਨਾਟਕ ਦੇ ਖਿਲਾਫ ਗਿੱਲ ਦੇ ਬੱਲੇ ਨਾਲ ਲੱਗਾ ਅਤੇ ਉਸ ਦੀ ਪਾਰੀ ਦੇ ਦਮ 'ਤੇ ਪੰਜਾਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 4 ਵਿਕਟਾਂ 'ਤੇ 225 ਦੌੜਾਂ ਦਾ ਵੱਡਾ ਸਕੋਰ ਬਣਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਦੀ ਟੀਮ ਸਿਰਫ਼ 10 ਦੌੜਾਂ 'ਤੇ ਹੀ ਆਪਣੀਆਂ ਦੋ ਵਿਕਟਾਂ ਗੁਆ ਚੁੱਕੀਆਂ ਸੀ।
ਇਹ ਵੀ ਪੜ੍ਹੋ : ਅਫਗਾਨਿਸਤਾਨ ਟੀ-20 ਵਰਲਡ ਕੱਪ ਤੋਂ ਬਾਹਰ,ਸ਼੍ਰੀਲੰਕਾ ਨੇ ਛੇ ਵਿਕਟਾਂ ਨਾਲ ਹਰਾਇਆ
ਟੀਮ ਦੇ ਦੂਜੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਸਿਰਫ਼ 4 ਦੌੜਾਂ ਬਣਾ ਕੇ ਆਊਟ ਹੋ ਗਏ ਜਦਕਿ ਤੀਜੇ ਨੰਬਰ 'ਤੇ ਆਏ ਪ੍ਰਭਸਿਮਰਨ ਸਿੰਘ ਵੀ 4 ਦੌੜਾਂ ਦੇ ਸਕੋਰ 'ਤੇ ਆਊਟ ਹੋ ਗਏ | ਇਸ ਤੋਂ ਬਾਅਦ ਸ਼ੁਭਮਨ ਗਿੱਲ ਨੇ ਜ਼ਿੰਮੇਵਾਰੀ ਸੰਭਾਲੀ ਅਤੇ ਅਨਮੋਲਪ੍ਰੀਤ ਸਿੰਘ ਨਾਲ ਮਿਲ ਕੇ ਤੀਜੀ ਵਿਕਟ ਲਈ 151 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਕੀਤੀ। ਅਨਮੋਲਪ੍ਰੀਤ ਸਿੰਘ ਨੇ 43 ਗੇਂਦਾਂ ਵਿੱਚ 9 ਚੌਕਿਆਂ ਦੀ ਮਦਦ ਨਾਲ 59 ਦੌੜਾਂ ਬਣਾਈਆਂ।
ਇਸ ਤੋਂ ਬਾਅਦ ਟੀਮ ਦੀ ਚੌਥੀ ਵਿਕਟ ਸ਼ੁਭਮਨ ਗਿੱਲ ਦੇ ਰੂਪ 'ਚ ਡਿੱਗੀ ਅਤੇ ਉਦੋਂ ਤੱਕ ਉਹ 55 ਗੇਂਦਾਂ 'ਚ 9 ਛੱਕਿਆਂ ਅਤੇ 11 ਚੌਕਿਆਂ ਦੀ ਮਦਦ ਨਾਲ 126 ਦੌੜਾਂ ਬਣਾ ਚੁੱਕੇ ਸਨ ਅਤੇ ਟੀਮ ਦਾ ਸਕੋਰ 205 ਦੌੜਾਂ ਤੱਕ ਪਹੁੰਚ ਚੁੱਕਾ ਸੀ। ਉਸ ਨੇ 229.00 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਸ ਨੇ ਬਹੁਤ ਦਬਾਅ ਵਾਲੀਆਂ ਸਥਿਤੀਆਂ ਵਿੱਚ ਆਪਣੀ ਟੀਮ ਲਈ ਬਹੁਤ ਤੇਜ਼ ਅਤੇ ਜ਼ਿੰਮੇਵਾਰ ਪਾਰੀ ਖੇਡੀ। ਇਸ ਦੇ ਨਾਲ ਹੀ ਸਤਵੀਰ ਸਿੰਘ ਨੇ 13 ਗੇਂਦਾਂ 'ਚ 2 ਛੱਕਿਆਂ ਅਤੇ 2 ਚੌਕਿਆਂ ਦੀ ਮਦਦ ਨਾਲ ਅਜੇਤੂ 27 ਦੌੜਾਂ ਬਣਾਈਆਂ। ਸ਼ਭੂਮਨ ਗਿੱਲ ਨੇ ਆਪਣੇ ਟੀ-20 ਕ੍ਰਿਕਟ ਕਰੀਅਰ ਦਾ ਇਹ ਪਹਿਲਾ ਸੈਂਕੜਾ ਲਗਾਇਆ ਅਤੇ ਇਹ ਉਸ ਦੇ ਟੀ-20 ਕ੍ਰਿਕਟ ਕਰੀਅਰ ਦੀ ਸਰਵੋਤਮ ਪਾਰੀ ਵੀ ਸਾਬਤ ਹੋਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।