ਇਹ ਦੋ ਕ੍ਰਿਕਟਰ ਬਣ ਸਕਦੇ ਹਨ ਭਾਰਤੀ ਟੀਮ ਦੇ ਕਪਤਾਨ, ਸੁਨੀਲ ਗਾਵਸਕਰ ਨੇ ਦੱਸੇ ਨਾਮ
Sunday, Jun 25, 2023 - 04:22 PM (IST)
 
            
            ਸਪੋਰਟਸ ਡੈਸਕ— ਵੈਸਟਇੰਡੀਜ਼ ਦੇ ਖ਼ਿਲਾਫ਼ ਹੋਣ ਵਾਲੀ ਦੋ ਮੈਚਾਂ ਦੀ ਟੈਸਟ ਸੀਰੀਜ਼ 'ਚ ਅਜਿੰਕਯ ਰਹਾਣੇ ਦੀ ਭਾਰਤ ਦੇ ਉਪ-ਕਪਤਾਨ ਦੇ ਰੂਪ 'ਚ ਮੁੜ ਨਿਯੁਕਤੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਕੁਝ ਸਾਬਕਾ ਕ੍ਰਿਕਟਰਾਂ ਨੇ ਇਹ ਵੀ ਦੱਸਿਆ ਕਿ ਟੀਮ ਭਵਿੱਖ ਦੇ ਸੰਭਾਵਿਤ ਨੇਤਾਵਾਂ ਨੂੰ ਤਿਆਰ ਨਹੀਂ ਕਰ ਰਹੀ ਹੈ ਅਤੇ ਇਸ ਤਰ੍ਹਾਂ ਆਉਣ ਵਾਲੇ ਸਮੇਂ 'ਚ ਇਹ ਰਾਸ਼ਟਰੀ ਟੀਮ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਦੌਰਾਨ ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਭਵਿੱਖ ਦੀ ਕਪਤਾਨੀ ਬਾਰੇ ਗੱਲ ਕਰਦਿਆਂ ਕਿਹਾ ਕਿ ਸ਼ੁਭਮਨ ਗਿੱਲ ਅਤੇ ਅਕਸ਼ਰ ਪਟੇਲ ਆਉਣ ਵਾਲੇ ਸਾਲਾਂ 'ਚ ਰਾਸ਼ਟਰੀ ਟੀਮ ਦੀ ਅਗਵਾਈ ਕਰ ਸਕਦੇ ਹਨ।
ਇਹ ਵੀ ਪੜ੍ਹੋ: ਸ਼੍ਰੀਲੰਕਾ ਅਤੇ ਸਕਾਟਲੈਂਡ ਨੇ ਵਿਸ਼ਵ ਕੱਪ ਕੁਆਲੀਫਾਇਰ 'ਚ ਵੱਡੀ ਜਿੱਤ ਕੀਤੀ ਦਰਜ
ਅਕਸ਼ਰ ਨੂੰ ਹਾਲ ਹੀ 'ਚ ਆਈਪੀਐੱਲ 'ਚ ਦਿੱਲੀ ਕੈਪੀਟਲਜ਼ ਦਾ ਉਪ-ਕਪਤਾਨ ਨਿਯੁਕਤ ਕੀਤਾ ਗਿਆ ਸੀ ਜਦਕਿ ਗਿੱਲ ਕੋਲ ਲੀਡਰਸ਼ਿਪ ਦਾ ਕੋਈ ਤਜਰਬਾ ਨਹੀਂ ਹੈ। ਹਾਲਾਂਕਿ ਉਹ ਅੰਡਰ-19 ਪੱਧਰ 'ਤੇ ਭਾਰਤੀ ਟੀਮ ਦਾ ਉਪ-ਕਪਤਾਨ ਸੀ, ਪਰ ਉਨ੍ਹਾਂ ਨੇ ਕੋਈ ਮਹੱਤਵਪੂਰਨ ਭੂਮਿਕਾ ਨਹੀਂ ਨਿਭਾਈ ਕਿਉਂਕਿ ਉਸ ਸਮੇਂ ਦੇ ਕੋਚ ਰਾਹੁਲ ਦ੍ਰਾਵਿੜ ਅਤੇ ਪ੍ਰਿਥਵੀ ਸ਼ਾਅ ਫ਼ੈਸਲੇ ਲੈਣ ਦੇ ਇੰਚਾਰਜ ਸਨ। ਇਸ ਦੌਰਾਨ ਗਾਵਸਕਰ ਨੇ ਇਹ ਵੀ ਕਿਹਾ ਕਿ ਸਟੰਪਰ ਬੱਲੇਬਾਜ਼ ਈਸ਼ਾਨ ਕਿਸ਼ਨ ਵੀ ਲੀਡਰਸ਼ਿਪ ਦੀ ਦੌੜ 'ਚ ਹੋ ਸਕਦਾ ਹੈ ਪਰ ਇਸ ਲਈ ਨੌਜਵਾਨ ਨੂੰ ਪਲੇਇੰਗ ਇਲੈਵਨ 'ਚ ਆਪਣੀ ਜਗ੍ਹਾ ਪੱਕੀ ਕਰਨੀ ਹੋਵੇਗੀ।

ਸਪੋਰਟਸ ਟੂਡੇ ਨਾਲ ਗੱਲ ਕਰਦੇ ਹੋਏ ਗਾਵਸਕਰ ਨੇ ਕਿਹਾ, “ਇੱਕ ਸ਼ੁਭਮਨ ਗਿੱਲ ਭਵਿੱਖ ਦੇ ਕਪਤਾਨ ਹਨ ਅਤੇ ਦੂਜਾ ਅਕਸ਼ਰ ਪਟੇਲ ਹੈ। ਅਕਸ਼ਰ ਹਰ ਮੈਚ ਦੇ ਨਾਲ ਬਿਹਤਰ ਹੋ ਜਾਂਦਾ ਹੈ। ਉਨ੍ਹਾਂ ਨੂੰ ਉਪ ਕਪਤਾਨ ਦੀ ਜ਼ਿੰਮੇਵਾਰੀ ਸੌਂਪਣਾ ਉਨ੍ਹਾਂ ਨੂੰ ਸੋਚਣ ਲਈ ਮਜਬੂਰ ਕਰੇਗਾ। ਇਸ ਲਈ, ਮੇਰੇ ਵਿਚਾਰ 'ਚ ਇਹ ਦੋ ਉਮੀਦਵਾਰ ਹਨ। ਜੇਕਰ ਕੋਈ ਹੋਰ, ਈਸ਼ਾਨ ਕਿਸ਼ਨ ਵਰਗਾ ਕੋਈ, ਇੱਕ ਵਾਰ ਫਿਰ ਟੀਮ 'ਚ ਆਪਣੀ ਜਗ੍ਹਾ ਪੱਕੀ ਕਰ ਲਵੇਗਾ। ਉਹ ਵੀ ਗਿਣਤੀ 'ਚ ਆ ਸਕਦੇ ਹਨ।
ਇਹ ਵੀ ਪੜ੍ਹੋ: ਇਹ ਹਨ 1983 ਵਿਸ਼ਵ ਕੱਪ ਦਿਵਾਉਣ ਵਾਲੇ 11 ਖਿਡਾਰੀ, ਇਕ ਦਾ ਹੋ ਚੁੱਕੈ ਦਿਹਾਂਤ
ਭਾਰਤ ਨੌਜਵਾਨ ਖਿਡਾਰੀ ਨੂੰ ਤਿਆਰ ਕਰਨ ਦਾ ਮੌਕਾ ਗੁਆ ਗਿਆ
ਸਾਬਕਾ ਕ੍ਰਿਕਟਰ ਨੇ ਅੱਗੇ ਕਿਹਾ ਕਿ ਖੇਡ ਦੇ ਸਭ ਤੋਂ ਲੰਬੇ ਫਾਰਮੈਟ 'ਚ ਅਜਿੰਕਯ ਰਹਾਣੇ ਨੂੰ ਕਪਤਾਨੀ ਸੌਂਪਣ 'ਚ ਕੁਝ ਵੀ ਗਲਤ ਨਹੀਂ ਹੈ ਪਰ ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਦੌਰਾਨ ਨੌਜਵਾਨ ਖਿਡਾਰੀ ਨੂੰ ਤਿਆਰ ਕੀਤਾ ਜਾ ਸਕਦਾ ਸੀ। ਉਸ ਨੇ ਇਹ ਵੀ ਕਿਹਾ ਕਿ ਟੀਮ ਪ੍ਰਬੰਧਨ ਨੂੰ ਕੁਝ ਖਿਡਾਰੀਆਂ ਨਾਲ ਸਹੀ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਭਵਿੱਖ 'ਚ ਭਾਰਤ ਦੀ ਅਗਵਾਈ ਕਰ ਸਕਦੇ ਹਨ।

ਗਾਵਸਕਰ ਨੇ ਕਿਹਾ, ''ਉਨ੍ਹਾਂ (ਅਜਿੰਕਯ ਰਹਾਣੇ) ਨੂੰ ਉਪ-ਕਪਤਾਨ ਬਣਾਉਣ 'ਚ ਕੁਝ ਵੀ ਗਲਤ ਨਹੀਂ ਹੈ ਪਰ ਇਕ ਨੌਜਵਾਨ ਖਿਡਾਰੀ ਨੂੰ ਤਿਆਰ ਕਰਨ ਦਾ ਮੌਕਾ ਗੁਆ ਦਿੱਤਾ ਗਿਆ ਹੈ। ਘੱਟੋ-ਘੱਟ ਕਿਸੇ ਨੌਜਵਾਨ ਖਿਡਾਰੀ ਨੂੰ ਤਾਂ ਦੱਸੋ ਕਿ ਅਸੀਂ ਤੁਹਾਨੂੰ ਭਵਿੱਖ ਦੇ ਕਪਤਾਨ ਵਜੋਂ ਦੇਖ ਰਹੇ ਹਾਂ। ਇਸ ਲਈ ਉਹ ਭਵਿੱਖ ਦੇ ਕਪਤਾਨ ਵਜੋਂ ਸੋਚਣਾ ਸ਼ੁਰੂ ਕਰਦੇ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            