ਸ਼੍ਰੇਅਸ ਅਈਅਰ ਦਾ ਟੈਸਟ ਕ੍ਰਿਕਟ ''ਚ ਡੈਬਿਊ, ਗਾਵਸਕਰ ਨੇ ਟੈਸਟ ਕੈਪ ਦੇ ਕੇ ਕੀਤੀ ਹੌਸਲਾਆਫਜ਼ਾਈ
Thursday, Nov 25, 2021 - 02:22 PM (IST)
ਕਾਨਪੁਰ- ਕਾਨਪੁਰ 'ਚ ਨਿਊਜ਼ੀਲੈਂਡ ਦੇ ਖ਼ਿਲਾਫ਼ ਆਪਣੇ ਟੈਸਟ ਕਰੀਅਰ ਦੇ ਡੈਬਿਊ ਮੈਚ 'ਚ ਖੇਡਣ ਉਤਰੇ ਸ਼੍ਰੇਅਸ ਅਈਅਰ ਨੂੰ ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਟੈਸਟ ਕੈਪ ਪਹਿਨਾ ਕੇ ਉਸ ਦੀ ਹੌਸਲਾਆਫਜ਼ਾਈ ਕੀਤੀ। ਗ੍ਰੀਨਪਾਰਕ ਮੈਦਾਨ 'ਤੇ ਵੀਰਵਾਰ ਨੂੰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਗਾਵਸਕਰ ਨੇ ਸ਼੍ਰੇਅਸ ਨੂੰ ਟੈਸਟ ਕੈਪ ਦਿੱਤੀ ਜਿਸ ਨੂੰ ਕੁਝ ਸਮੇਂ ਤਕ ਲਗਾਤਾਰ ਦੇਖਣ ਦੇ ਬਾਅਦ ਸ਼੍ਰੇਅਸ ਨੇ ਉਸ ਨੂੰ ਚੂੰਮਿਆ ਤੇ ਪਹਿਨ ਲਿਆ।

ਗਾਵਸਕਰ ਨੇ ਉਸ ਨੂੰ ਸਫ਼ਲਤਾ ਦੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਬਾਅਦ 'ਚ ਟੀਮ ਦੇ ਮੈਂਬਰਾਂ ਨੇ ਸ਼੍ਰੇਅਸ ਅਈਅਰ ਨੂੰ ਉਸ ਦੀ ਪ੍ਰਾਪਤੀ ਲਈ ਵਧਾਈ ਦਿੱਤੀ। ਮਾਸ ਪੇਸ਼ੀਆਂ 'ਚ ਖਿੱਚਾਅ ਕਾਰਨ ਟੀਮ ਤੋਂ ਬਾਹਰ ਹੋਏ ਲੋਕੇਸ਼ ਰਾਹਲ ਦੇ ਸਥਾਨ 'ਤੇ ਸ਼੍ਰੇ੍ਅਸ ਅਈਅਰ ਨੂੰ ਮੌਕਾ ਦਿੱਤਾ ਗਿਆ ਹੈ। ਆਪਣੀ 27ਵੇਂ ਜਨਮ ਦਿਨ ਤੋਂ 11 ਦਿਨ ਪਹਿਲਾਂ ਮੁੰਬਈ ਦੇ ਸ਼੍ਰੇਅਸ ਅਈਅਰ ਇਸ ਤੋਂ ਪਹਿਲਾਂ ਭਾਰਤ ਵਲੋਂ 22 ਵਨ-ਡੇ ਮੈਚ ਖੇਡ ਚੁੱਕੇ ਹਨ ਜਿਸ 'ਚ ਉਨ੍ਹਾਂ ਨੇ ਇਕ ਸੈਂਕੜਾ ਵੀ ਜੜਿਆ ਹੈ ਤੇ 8 ਵਾਰ ਉਨ੍ਹਾਂ ਨੇ ਆਪਣਾ ਸਕੋਰ 50 ਦੇ ਪਾਰ ਪਹੁੰਚਾਇਆ ਹੈ। ਬੱਲੇਬਾਜ਼ੀ ਤੋਂ ਇਲਾਵਾ ਭਾਰਤੀ ਕਪਤਾਨ ਉਨ੍ਹਾਂ ਦਾ ਇਸਤੇਮਾਲ ਲੈੱਗ ਬ੍ਰੇਕ ਸਪਿਨਰ ਦੇ ਤੌਰ 'ਤੇ ਵੀ ਕਰ ਸਕਦੇ ਹਨ।
