ਸ਼ਾਟਪੁਟ ਖਿਡਾਰੀ ਤੂਰ ਦਾ ਟੀਚਾ, 22 ਮੀਟਰ ਤੱਕ ਥ੍ਰੋਅ ਕਰਕੇ ਚੋਪੜਾ ਵਾਂਗ ਨਵੇਂ ਮਾਪਦੰਡ ਸਥਾਪਿਤ ਕਰਨਾ

Sunday, Sep 06, 2026 - 10:57 AM (IST)

ਸ਼ਾਟਪੁਟ ਖਿਡਾਰੀ ਤੂਰ ਦਾ ਟੀਚਾ, 22 ਮੀਟਰ ਤੱਕ ਥ੍ਰੋਅ ਕਰਕੇ ਚੋਪੜਾ ਵਾਂਗ ਨਵੇਂ ਮਾਪਦੰਡ ਸਥਾਪਿਤ ਕਰਨਾ

ਪਟਿਆਲਾ- ਭਾਰਤ ਦੇ ਸ਼ਾਟਪੁਟ ’ਚ ਸਭ ਤੋਂ ਸਫਲ ਖਿਡਾਰੀ ਤਜਿੰਦਰਪਾਲ ਸਿੰਘ ਤੂਰ 22 ਮੀਟਰ ਦੇ ਚਿਰਾਂ ਤੋਂ ਉਡੀਕੇ ਜਾ ਰਹੇ ਅੰਕੜੇ ਨੂੰ ਪਾਰ ਕਰਨਾ ਚਾਹੁੰਦਾ ਹੈ ਅਤੇ ਅਗਲੀ ਪੀੜ੍ਹੀ ਲਈ ਉਸੇ ਤਰ੍ਹਾਂ ਮਿਸਾਲ ਕਾਇਮ ਕਰਨਾ ਚਾਹੁੰਦਾ ਹੈ ਜਿਵੇਂ ਨੀਰਜ ਚੋਪੜਾ ਨੇ ਦੇਸ਼ ਦੇ ਜੈਵਲਿਨ ਥ੍ਰੋਅ ਖਿਡਾਰੀਆਂ ਲਈ ਮਾਪਦੰਡ ਤੈਅ ਕੀਤੇ ਹਨ।

ਰਾਸ਼ਟਰੀ ਰਿਕਾਰਡ ਧਾਰੀ 31 ਸਾਲਾ ਤੂਰ ਦਾ ਨਿੱਜੀ ਸਰਵੋਤਮ ਪ੍ਰਦਰਸ਼ਨ 21.77 ਮੀਟਰ ਹੈ। ਉਹ ਚਾਹੁੰਦਾ ਹੈ ਕਿ ਭਾਰਤੀ ਖਿਡਾਰੀ ਸ਼ਾਟਪੁਟ ’ਚ ਉਸ ਪੱਧਰ ’ਤੇ ਪਹੁੰਚਣ ਜਿੱਥੇ 20 ਮੀਟਰ ਤੇ 21 ਮੀਟਰ ਦੀ ਦੂਰੀ ਨੂੰ ਅਸਾਧਾਰਨ ਨਾ ਮੰਨਿਆ ਜਾਵੇ।

ਤੂਰ ਨੇ ਕਿਹਾ, ‘‘ਮੇਰਾ ਟੀਚਾ ਤੇ ਸੁਪਨਾ ਸ਼ਾਟਪੁਟ ’ਚ 22 ਮੀਟਰ ਤੱਕ ਥ੍ਰੋਅ ਕਰ ਕੇ ਨਵਾਂ ਰਾਸ਼ਟਰੀ ਰਿਕਾਰਡ ਬਣਾਉਣਾ ਹੈ, ਜਿਸ ਨਾਲ ਸ਼ਾਟਪੁਟ ’ਚ ਭਾਰਤ ਦੀ ਨੌਜਵਾਨ ਪੀੜ੍ਹੀ ਇਹ ਸੋਚੇ ਕਿ 21 ਮੀਟਰ ਕੁਝ ਵੀ ਨਹੀਂ ਹੈ।’’

ਚੋਪੜਾ ਦੇ ਅੰਤਰਰਾਸ਼ਟਰੀ ਪੱਧਰ ’ਤੇ ਲਗਾਤਾਰ ਚੰਗੇ ਪ੍ਰਦਰਸ਼ਨ ਦਾ ਭਾਰਤੀ ਜੈਵਲਿਨ ਥ੍ਰੋਅ ਖਿਡਾਰੀਆਂ ’ਤੇ ਹਾਂ-ਪੱਖੀ ਅਸਰ ਪਿਆ ਹੈ। ਚੋਪੜਾ ਦੇ ਓਲੰਪਿਕ ਸੋਨ ਤਗਮੇ ਤੇ 90.23 ਮੀਟਰ ਦੇ ਰਾਸ਼ਟਰੀ ਰਿਕਾਰਡ ਨੇ ਮਾਪਦੰਡ ਨੂੰ ਹੋਰ ਉੱਚਾ ਕਰ ਦਿੱਤਾ ਹੈ। ਇਸ ਤੋਂ ਬਾਅਦ ਰੋਹਿਤ ਯਾਦਵ (87.68 ਮੀਟਰ), ਕਿਸ਼ੋਰ ਜੇਨਾ (87.54 ਮੀਟਰ), ਸਚਿਨ ਯਾਦਵ (86.54 ਮੀਟਰ) ਅਤੇ ਯਸ਼ਵੀਰ ਸਿੰਘ (85.41 ਮੀਟਰ) ਵਰਗੇ ਖਿਡਾਰੀ 85 ਮੀਟਰ ਦਾ ਅੰਕੜਾ ਪਾਰ ਕਰਨ ’ਚ ਸਫਲ ਰਹੇ।

ਤੂਰ ਨੇ ਕਿਹਾ, ‘‘ਜਿਵੇਂ ਨੀਰਜ ਨੇ 90 ਮੀਟਰ ਤੱਕ ਜੈਵਲਿਨ ਸੁੱਟੀ ਹੈ ਤਾਂ ਹੁਣ 80-82 ਮੀਟਰ ਨੂੰ ਕੁਝ ਵੀ ਨਹੀਂ ਮੰਨਿਆ ਜਾਂਦਾ। ਰੋਹਿਤ ਨੇ 87.68 ਮੀਟਰ ਸੁੱਟਿਆ ਹੈ, ਸਚਿਨ ਨੇ 86 ਮੀਟਰ ਤੋਂ ਵੱਧ ਸੁੱਟਿਆ ਹੈ ਅਤੇ ਯਸ਼ਵੀਰ ਨੇ ਕੁਆਲੀਫਾਇੰਗ ਚੈਂਪੀਅਨਸ਼ਿਪ ’ਚ ਆਪਣਾ ਨਿੱਜੀ ਸਰਵੋਤਮ ਪ੍ਰਦਰਸ਼ਨ ਕੀਤਾ। ਜੇਕਰ ਅਸੀਂ ਦੇਖੀਏ ਤਾਂ ਭਾਰਤ ’ਚ ਵਿਸ਼ਵ ਦੇ ਕੁਝ ਅਜਿਹੇ ਜੈਵਲਿਨ ਥ੍ਰੋਅ ਖਿਡਾਰੀ ਹਨ ਜਿਨ੍ਹਾਂ ਨੇ 85 ਮੀਟਰ ਦਾ ਅੰਕੜਾ ਪਾਰ ਕਰ ਲਿਆ ਹੈ।’’

ਤੂਰ ਦਾ ਮੰਨਣਾ ਹੈ ਕਿ ਸੱਟਾਂ ਨੇ ਉਸ ਨੂੰ ਵਾਰ-ਵਾਰ ਆਪਣੀ ਪੂਰੀ ਸਮਰੱਥਾ ਅਨੁਸਾਰ ਪ੍ਰਦਰਸ਼ਨ ਕਰਨ ਤੋਂ ਰੋਕਿਆ ਹੈ। ਉਸ ਨੇ ਕਿਹਾ, ‘‘ਸੱਟ ਹਮੇਸ਼ਾ ਤੋਂ ਮੇਰਾ ਪਿੱਛਾ ਕਰਦੀ ਰਹੀ ਹੈ। ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਮੈਂ ਭਾਰਤ ਤੋਂ ਬਾਹਰ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਉਂਦਾ ਪਰ ਜਦੋਂ ਕੋਈ ਵਿਅਕਤੀ ਫਿੱਟ ਹੀ ਨਾ ਹੋਵੇ ਤਾਂ ਉਹ ਚੰਗਾ ਪ੍ਰਦਰਸ਼ਨ ਕਿਵੇਂ ਕਰੇਗਾ। ਸ਼ੁਰੂ ਤੋਂ ਹੀ ਸੱਟ ਮੇਰਾ ਪਿੱਛਾ ਕਰਦੀ ਰਹੀ ਹੈ।’’


author

Tarsem Singh

Content Editor

Related News