ਸ਼ੋਏਬ ਅਖ਼ਤਰ ਦਾ ਹੋਵੇਗਾ ਗੋਡੇ ਦਾ ਆਪਰੇਸ਼ਨ, ਕਿਹਾ- ਹੁਣ ਦੌੜਨ ਦੇ ਦਿਨ ਗਏ

11/22/2021 4:51:39 PM

ਲਾਹੌਰ- ਕ੍ਰਿਕਟ ਜਗਤ 'ਚ ਰਾਵਲਪਿੰਡੀ ਐਕਸਪ੍ਰੈਸ ਦੇ ਨਾਂ ਨਾਲ ਮਸ਼ਹੂਰ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਨੇ ਟਵੀਟ ਰਾਹੀਂ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਦੌੜਨ ਦੇ ਦਿਨ ਬੀਤ ਚੁੱਕੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਗੋਡੇ ਦਾ ਆਪਰੇਸ਼ਨ ਕਰਾ ਕੇ ਉਸ ਨੂੰ ਬਦਲਣਾ ਹੋਵੇਗਾ। ਅਖ਼ਤਰ ਦਾ ਕਰੀਅਰ ਹਮੇਸ਼ਾ ਸੱਟਾਂ ਕਾਰਨ ਪ੍ਰਭਾਵਿਤ ਰਿਹਾ। ਪਾਕਿਸਤਾਨ ਦੇ ਇਸ 46 ਸਾਲਾ ਤੇਜ਼ ਗੇਂਦਬਾਜ਼ ਨੇ ਦੋ ਸਾਲ ਪਹਿਲਾਂ ਮੈਲਬੋਰਨ 'ਚ ਗੋਡੇ ਦਾ ਆਪਰੇਸ਼ਨ ਕਰਵਾਇਆ ਸੀ। 

ਉਨ੍ਹਾਂ ਨੇ 2011 'ਚ ਕ੍ਰਿਕਟ ਦੇ ਸਾਰੇ ਫਾਰਮੈਟਸ ਤੋਂ ਸੰਨਿਆਸ ਲੈ ਲਿਆ ਸੀ। ਉਨ੍ਹਾਂ ਨੇ ਪਾਕਿਸਤਾਨ ਲਈ 46 ਟੈਸਟ ਤੇ 163 ਵਨ-ਡੇ ਮੈਚ ਖੇਡੇ ਜਿਸ 'ਚ ਉਨ੍ਹਾਂ ਨੇ ਕ੍ਰਮਵਾਰ 178 ਤੇ 247 ਵਿਕਟਾਂ ਲਈਆਂ। ਉਨ੍ਹਾਂ 15 ਟੀ-20 ਕੌਮਾਂਤਰੀ ਮੈਚਾਂ 'ਚ 19 ਵਿਕਟਾਂ ਵੀ ਹਾਸਲ ਕੀਤੀਆਂ। ਅਖ਼ਤਰ ਨੇ ਆਪਣਾ ਆਖ਼ਰੀ ਕੌਮਾਂਤਰੀ ਮੈਚ ਵਨ-ਡੇ ਦੇ ਤੌਰ 'ਤੇ 2011 'ਚ ਨਿਊਜ਼ੀਲੈਂਡ ਖ਼ਿਲਾਫ਼ ਖੇਡਿਆ ਸੀ, ਜਿਸ 'ਚ ਉਨ੍ਹਾਂ ਨੇ ਇਕ ਵਿਕਟ ਹਾਸਲ ਕੀਤੀ ਸੀ। ਅਖ਼ਤਰ ਦੇ ਨਾਂ 161.3 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਸਭ ਤੋਂ ਤੇਜ਼ ਗੇਂਦ ਕਰਨ ਦਾ ਰਿਕਾਰਡ ਹੈ।


Tarsem Singh

Content Editor

Related News