ਸ਼ਿਖਰ ਤੇ ਪੁਜਾਰਾ ਸਸਤੇ ''ਚ ਆਊਟ, ਮੈਚ ਡਰਾਅ
Saturday, Jul 28, 2018 - 12:31 AM (IST)

ਚੇਮਸਫੋਰਡ- ਇੰਗਲੈਂਡ ਵਿਰੁੱਧ 1 ਅਗਸਤ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਤੋਂ ਪਹਿਲਾਂ ਕਾਊਂਟੀ ਟੀਮ ਏਸੈਕਸ ਵਿਰੁੱਧ ਸ਼ੁੱਕਰਵਾਰ ਨੂੰ ਇਕਲੌਤਾ 3 ਦਿਨਾ ਅਭਿਆਸ ਮੈਚ ਤੀਜੇ ਤੇ ਆਖਰੀ ਦਿਨ ਡਰਾਅ ਖਤਮ ਹੋ ਗਿਆ, ਜਿਸ ਦੌਰਾਨ ਭਾਰਤੀ ਟੀਮ ਦੀਆਂ ਕੁਝ ਕਮਜ਼ੋਰੀਆਂ ਖੁੱਲ੍ਹ ਕੇ ਸਾਹਮਣੇ ਆਈਆਂ ਹਨ।
ਭਾਰਤੀ ਗੇਂਦਬਾਜ਼ ਏਸੈਕਸ ਨੂੰ ਆਲ ਆਊਟ ਨਹੀਂ ਕਰ ਸਕੇ ਅਤੇ ਭਾਰਤੀ ਸਪਿਨਰਾਂ ਨੂੰ ਵੀ ਕੋਈ ਵਿਕਟ ਨਹੀਂ ਮਿਲੀ ਪਰ ਦੂਜੇ ਪਾਸੇ ਸ਼ਿਖਰ ਧਵਨ ਦੀ ਖਰਾਬ ਫਾਰਮ ਜਾਰੀ ਹੈ ਤੇ ਉਹ ਇਕ ਵਾਰ ਫਿਰ ਜ਼ੀਰੋ ਦੇ ਸਕੋਰ 'ਤੇ ਆਊਟ ਹੋ ਗਿਆ ਤੇ ਪੁਜਾਰਾ ਵੀ ਦੂਜੀ ਪਾਰੀ ਵਿਚ ਸਸਤੇ ਵਿਚ ਹੀ ਆਊਟ ਹੋਇਆ। ਧਵਨ ਨੇ ਦੋਵਾਂ ਪਾਰੀਆਂ ਵਿਚ ਆਪਣੇ ਨਾਂ ਅੱਗੇ ਜ਼ੀਰੋ ਦਾ ਸਕੋਰ ਦਰਜ ਕਰ ਲਿਆ।
ਭਾਰਤ ਦੀ ਪਹਿਲੀ ਪਾਰੀ ਦੀਆਂ 395 ਦੌੜਾਂ ਦੇ ਜਵਾਬ ਵਿਚ ਏਸੈਕਸ ਨੇ ਤੀਜੇ ਤੇ ਆਖਰੀ ਦਿਨ ਸ਼ੁੱਕਰਵਾਰ ਨੂੰ 5 ਵਿਕਟਾਂ 'ਤੇ 237 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਆਪਣੀ ਪਹਿਲੀ ਪਾਰੀ 94 ਓਵਰਾਂ ਵਿਚ 8 ਵਿਕਟਾਂ 'ਤੇ 359 ਦੌੜਾਂ ਬਣਾ ਕੇ ਖਤਮ ਐਲਾਨ ਕਰ ਦਿੱਤੀ। ਭਾਰਤ ਨੂੰ ਪਹਿਲੀ ਪਾਰੀ ਵਿਚ 36 ਦੌੜਾਂ ਦੀ ਬੜ੍ਹਤ ਹਾਸਲ ਹੋਈ।
ਭਾਰਤ ਨੇ ਦੂਜੀ ਪਾਰੀ ਵਿਚ ਜਦੋਂ 2 ਵਿਕਟਾਂ ਗੁਆ ਕੇ 89 ਦੌੜਾਂ ਬਣਾਈਆਂ ਸਨ ਤਦ ਮੀਂਹ ਆਉਣ ਕਾਰਨ ਖੇਡ ਰੋਕਣੀ ਪਈ ਤੇ ਮੈਚ ਡਰਾਅ ਖਤਮ ਹੋ ਗਿਆ। ਮੈਚ ਡਰਾਅ ਦੇ ਸਮੇਂ ਲੋਕੇਸ਼ ਰਾਹੁਲ 64 ਗੇਂਦਾਂ 'ਤੇ 7 ਚੌਕਿਆਂ ਦੀ ਮਦਦ ਨਾਲ 36 ਤੇ ਅਜਿੰਕਯ ਰਹਾਨੇ 27 ਗੇਂਦਾਂ ਵਿਚ 3 ਚੌਕਿਆਂ ਦੀ ਮਦਦ ਨਾਲ 19 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ। ਰਾਹੁਲ ਪਹਿਲੀ ਪਾਰੀ ਵਿਚ ਅਰਧ ਸੈਂਕੜਾ ਬਣਾਉਣ ਵਾਲੇ ਓਪਨਰ ਮੁਰਲੀਵਿਜੇ ਦੀ ਜਗ੍ਹਾ ਓਪਨਿੰਗ ਵਿਚ ਉਤਰਿਆ ਸੀ।
ਇਸ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਨੇ ਸਪਿਨਰਾਂ ਤੋਂ ਵੱਧ ਗੇਂਦਬਾਜ਼ੀ ਨਹੀਂ ਕਰਵਾਈ। ਕੱਲ ਦੂਜੇ ਦਿਨ ਦੀ ਖੇਡ ਵਿਚ ਲੈਫਟ ਆਰਮ ਸਪਿਨਰ ਰਵਿੰਦਰ ਜਡੇਜਾ ਨੇ ਸਿਰਫ ਦੋ ਓਵਰ ਕੀਤੇ ਸਨ ਤੇ ਅੱਜ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ 4 ਤੇ ਆਫ ਸਪਿਨਰ ਆਰ. ਅਸ਼ਵਿਨ ਨੇ ਪੰਜ ਓਵਰ ਸੁੱਟੇ। ਤਿੰਨਾਂ ਸਪਿਰਨਾਂ ਨੇ ਕੁਲ 11 ਓਵਰ ਸੁੱਟੇ ਤੇ ਉਨ੍ਹਾਂ ਨੂੰ 62 ਦੌੜਾਂ ਦੇ ਕੇ ਕੋਈ ਵਿਕਟ ਨਹੀਂ ਮਿਲੀ। ਏਸੈਕਸ ਦੀ ਪਾਰੀ ਦੀਆਂ ਸਾਰੀਆਂ 8 ਵਿਕਟਾਂ ਤੇਜ਼ ਗੇਂਦਬਾਜ਼ਾਂ ਨੇ ਕੱਢੀਆਂ। ਉਮੇਸ਼ ਯਾਦਵ ਨੇ 18 ਓਵਰਾਂ ਵਿਚ ਸਿਰਫ 35 ਦੌੜਾਂ ਦਿੱਤੀਆਂ ਤੇ ਚਾਰ ਵਿਕਟਾਂ ਲਈਆਂ। ਇਸ਼ਾਂਤ ਸ਼ਰਮਾ ਨੇ 19 ਓਵਰਾਂ ਵਿਚ 59 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।