ਸ਼ਸ਼ਾਂਕ ਮਨੋਹਰ ਕਾਰਣ ਸੰਭਵ ਹੋਇਆ ਬੰਗਲਾਦੇਸ਼ ਦਾ ਪਾਕਿ ਦੌਰਾ

01/16/2020 3:01:29 AM

ਢਾਕਾ — ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਚੇਅਰਮੈਨ ਭਾਰਤ ਦੇ ਸ਼ਸ਼ਾਂਕ ਮਨੋਹਰ ਦੀ ਵਿਚੋਲਗੀ ਕਾਰਣ ਬੰਗਲਾਦੇਸ਼ ਦਾ ਪਾਕਿਸਤਾਨ ਦੌਰਾ ਸੰਭਵ ਹੋ ਗਿਆ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਵਿਚਾਲੇ ਇਸ ਦੌਰੇ ਲਈ ਸਹਿਮਤੀ ਬਣ ਗਈ ਹੈ ਅਤੇ ਇਸ ਸਹਿਮਤੀ ਨੂੰ ਬਣਾਉਣ ਵਿਚ ਆਈ. ਸੀ. ਸੀ. ਚੇਅਰਮੈਨ ਮਨੋਹਰ ਦੀ ਪ੍ਰਮੁੱਖ ਭੂਮਿਕਾ ਰਹੀ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਪ੍ਰਧਾਨ ਅਹਿਸਾਨ ਮਨੀ ਨੇ ਮਨੋਹਰ ਨੂੰ ਉਨ੍ਹਾਂ ਦੀ ਭੂਮਿਕਾ ਅਤੇ ਇਸ ਦੌਰੇ ਦੇ ਪੂਰੀ ਤਰ੍ਹਾਂ ਸੰਭਵ ਹੋਣ ਲਈ ਧੰਨਵਾਦ ਦਿੱਤਾ ਹੈ। ਇਸ ਦੌਰੇ ਵਿਚ ਬੰਗਲਾਦੇਸ਼ 2 ਟੈਸਟ, 3 ਟੀ-20 ਅਤੇ 1 ਵਨ ਡੇ ਖੇਡੇਗਾ। ਇਸ ਤੋਂ ਪਹਿਲਾਂ ਤੱਕ ਬੰਗਲਾਦੇਸ਼ ਸਿਰਫ 3 ਟੀ-20 ਖੇਡਣ 'ਤੇ ਆਪਣੀ ਸਹਿਮਤੀ ਜਤਾਉਂਦਾ ਰਿਹਾ ਸੀ। ਬੰਗਲਾਦੇਸ਼ ਦਾ ਇਹ ਦੌਰਾ ਹਾਲਾਂਕਿ 3 ਹਿੱਸਿਆਂ ਵਿਚ ਵੰਡਿਆ ਹੋਵੇਗਾ।
ਬੰਗਲਾਦੇਸ਼ 24 ਤੋਂ 27 ਜਨਵਰੀ ਤੱਕ 3 ਟੀ-20 ਖੇਡੇਗਾ। ਬੰਗਲਾਦੇਸ਼ ਦੀ ਟੀਮ ਇਸ ਤੋਂ ਬਾਅਦ 7 ਫਰਵਰੀ ਤੋਂ ਹੋਣ ਵਾਲਾ ਪਹਿਲਾ ਟੈਸਟ ਖੇਡਣ ਪਾਕਿਸਤਾਨ ਪਰਤੇਗੀ। ਪਾਕਿਸਤਾਨੀ ਖਿਡਾਰੀ ਇਸ ਤੋਂ ਬਾਅਦ ਪਾਕਿਸਤਾਨ ਸੁਪਰ ਲੀਗ ਵਿਚ ਹਿੱਸਾ ਲੈਣਗੇ ਜੋ 22 ਮਾਰਚ ਤੱਕ ਚੱਲੇਗੀ। ਦੂਜਾ ਟੈਸਟ 5 ਅਪ੍ਰੈਲ ਤੋਂ ਸ਼ੁਰੂ ਹੋਵੇਗਾ। ਇਹ ਦੋਵੇਂ ਟੈਸਟ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ। ਦੂਜੇ ਟੈਸਟ ਤੋਂ ਪਹਿਲਾਂ 3 ਅਪ੍ਰੈਲ ਨੂੰ ਇਕਲੌਤਾ ਵਨ ਡੇ ਖੇਡਿਆ ਜਾਵੇਗਾ।


Gurdeep Singh

Content Editor

Related News