ਸ਼ਾਰਜਾਹ ਮਾਸਟਰਸ ਸ਼ਤਰੰਜ ਟੂਰਨਾਮੈਂਟ : ਸੁਲੇਮਾਨੀ ਨੂੰ ਹਰਾ ਕੇ ਨਿਹਾਲ ਸਾਂਝੀ ਬੜ੍ਹਤ ’ਤੇ
Sunday, May 21, 2023 - 03:51 PM (IST)

ਸ਼ਾਰਜਾਹ, (ਨਿਕਲੇਸ਼ ਜੈਨ)– ਸ਼ਤਰੰਜ ਇਤਿਹਾਸ ਦੇ ਸਭ ਤੋਂ ਮਜ਼ਬੂਤ ਓਪਨ ਇੰਟਰਨੈਸ਼ਨਲ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ ਸ਼ਾਰਜਾਹ ਮਾਸਟਰਸ ਦੇ ਤੀਜੇ ਰਾਊਂਡ ਵਿਚ ਸਾਰਿਆਂ ਦੀਆਂ ਨਜ਼ਰਾਂ ਭਾਰਤ ਦੇ ਆਰ. ਪ੍ਰਗਿਆਨੰਦਾ ਤੇ ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨ ਜੂ ਵੇਂਜੂਨ ਵਿਚਾਲੇ ਹੋਣ ਵਾਲੇ ਮੁਕਾਬਲੇ ’ਤੇ ਲੱਗੀਆਂ ਸਨ। ਸ਼ਾਨਦਾਰ ਲੈਅ ਵਿਚ ਨਜ਼ਰ ਆ ਰਹੀ ਵੇਂਜੂਨ ਨੇ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਓਪਨ ਕੇਟਲਨ ਓਪਨਿੰਗ ਵਿਚ ਬੇਹੱਦ ਕਸੀ ਹੋਈ ਸ਼ੁਰੂਆਤ ਕੀਤੀ ਤੇ ਮਜ਼ਬੂਤ ਖੇਡ ਦਿਖਾਉਂਦੇ ਹੋਏ ਉਸ ਨੇ 41 ਚਾਲਾਂ ਵਿਚ ਬਾਜ਼ੀ ਡਰਾਅ ਕਰਵਾ ਲਈ।
ਤੀਜੇ ਰਾਊਂਡ ਵਿਚ ਚੋਟੀ ਦੇ ਸਾਰੇ 10 ਬੋਰਡਾਂ ਵਿਚ ਕੋਈ ਨਤੀਜਾ ਨਹੀਂ ਨਿਕਲਿਆ ਤੇ ਅਗਲਾ ਨਤੀਜਾ ਬੋਰਡ ਨੰਬਰ-11 ਤੋਂ ਆਇਆ, ਜਿੱਥੇ ਇਰਾਨ ਦੇ ਅਮੀਨ ਤਬਾਤਬਾਈ ਨੇ ਭਾਰਤ ਦੇ ਐੱਸ. ਪੀ. ਸੇਥੂਰਮਨ ਨੂੰ ਹਰਾਉਂਦੇ ਹੋਏ ਆਪਣੀ ਦੂਜੀ ਜਿੱਤ ਦਰਜ ਕੀਤੀ। 12ਵੇਂ ਬੋਰਡ ’ਤੇ ਭਾਰਤ ਦਾ ਨਿਹਾਲ ਸਰੀਨ ਸਫੈਦ ਮੋਹਰਿਆਂ ਨਾਲ ਇਟਾਲੀਅਨ ਓਪਨਿੰਗ ਵਿਚ 39 ਚਾਲਾਂ ਵਿਚ ਸ਼ਾਨਦਾਰ ਜਿੱਤ ਦਰਜ ਕਰਦੇ ਹੋਏ 2.5 ਅੰਕ ਬਣਾਉਂਦੇ ਹੋਏ ਸਾਂਝੀ ਬੜ੍ਹਤ ਵਿਚ ਸ਼ਾਮਲ ਹੋ ਗਿਆ। ਭਾਰਤ ਦੇ ਹੋਰ ਪ੍ਰਮੁੱਖ ਮੁਕਾਬਲਿਆਂ ਵਿਚ ਡੀ. ਗੁਕੇਸ਼ ਨੇ ਹਮਵਤਨ ਐੱਸ. ਐੱਲ. ਨਾਰਾਇਣਨ ਨਾਲ, ਅਰਜੁਨ ਐਰਗਾਸੀ ਨੇ ਚੈੱਕ ਗਣਰਾਜ ਦੇ ਨੂਜੇਨ ਥਾਈ ਡਾਨ ਵਾਨ ਨਾਲ ਤੇ ਅਰਵਿੰਦ ਚਿਦਾਂਬਰਮ ਨੇ ਰੂਸ ਦੇ ਅਲੈਗਜ਼ੈਂਡਰ ਪ੍ਰੇਡਕੇ ਨਾਲ ਮੁਕਾਬਲਾ ਡਰਾਅ ਖੇਡਿਆ।