ਸਮਿਥ ਅਤੇ ਵਾਰਨਰ ਨਾਲ ਵਿਸ਼ਵ ਕੱਪ ਜਿੱਤ ਸਕਦਾ ਹੈ ਆਸਟਰੇਲੀਆ : ਵਾਰਨ

Wednesday, Mar 06, 2019 - 04:47 PM (IST)

ਸਮਿਥ ਅਤੇ ਵਾਰਨਰ ਨਾਲ ਵਿਸ਼ਵ ਕੱਪ ਜਿੱਤ ਸਕਦਾ ਹੈ ਆਸਟਰੇਲੀਆ : ਵਾਰਨ

ਸਿਡਨੀ— ਮਹਾਨ ਸਪਿਨਰ ਸ਼ੇਨ ਵਾਰਨ ਨੇ ਕਿਹਾ ਕਿ ਸਟੀਵ ਸਮਿਥ ਅਤੇ ਡੇਵਿਡ ਵਾਰਨਰ 'ਤੇ ਇਕ ਸਾਲ ਦੀ ਪਾਬੰਦੀ ਕਾਰਨ ਉਨ੍ਹਾਂ ਦੀ ਭੁੱਖ ਪਹਿਲੇ ਦੇ ਮੁਕਾਬਲੇ ਵੱਧ ਸਕਦੀ ਹੈ ਅਤੇ ਉਨ੍ਹਾਂ ਦੀ ਵਾਪਸੀ ਆਸਟਰੇਲੀਆ ਨੂੰ ਵਿਸ਼ਵ ਕੱਪ ਜਿਤਾ ਸਕਦੀ ਹੈ। ਗੇਂਦ ਨਾਲ ਛੇੜਛਾੜ ਦੇ ਕਾਰਨ ਇਨ੍ਹਾਂ ਦੋਹਾਂ ਸਟਾਰ ਖਿਡਾਰੀਆਂ ਦੇ ਰਾਜ ਅਤੇ ਕੌਮਾਂਤਰੀ ਕ੍ਰਿਕਟ 'ਤੇ ਲੱਗਾ ਇਕ ਸਾਲ ਦਾ ਬੈਨ ਇਸ ਮਹੀਨੇ ਖਤਮ ਹੋ ਰਿਹਾ ਹੈ ਅਤੇ ਇਸ ਸਾਲ ਇੰਗਲੈਂਡ 'ਚ ਵਿਸ਼ਵ ਕੱਪ ਖਿਤਾਬ ਦੀ ਰੱਖਿਆ ਦੀ ਮੁਹਿੰਮ ਲਈ ਇਨ੍ਹਾਂ ਦੋਹਾਂ ਨੂੰ ਆਸਟਰੇਲੀਆਈ ਟੀਮ 'ਚ ਜਗ੍ਹਾ ਮਿਲ ਸਕਦੀ ਹੈ। ਇਨ੍ਹਾਂ ਦੋਹਾਂ ਹੀ ਖਿਡਾਰੀਆਂ ਦੀ ਹਾਲ ਹੀ 'ਚ ਕੂਹਣੀ ਦੀ ਸਰਜਰੀ ਹੋਈ ਅਤੇ ਹੁਣ ਇਹ ਦੇਖਣਾ ਹੋਵੇਗਾ ਕਿ ਵਾਪਸੀ ਕਰਦੇ ਹੋਏ ਵਿਸ਼ਵ ਪੱਧਰ 'ਤੇ ਉਹ ਕਿਵੇਂ ਪ੍ਰਦਰਸ਼ਨ ਕਰਦੇ ਹਨ ਕਿਉਂਕਿ ਇੰਗਲੈਂਡ 'ਚ ਉਨ੍ਹਾਂ ਲਈ ਚੀਜ਼ਾਂ ਆਸਾਨ ਨਹੀਂ ਹੋਣ ਵਾਲੀਆਂ। 
PunjabKesari
ਵਾਰਨ ਨੂੰ ਹਾਲਾਂਕਿ ਕੋਈ ਸ਼ੱਕ ਨਹੀਂ ਕਿ ਇਹ ਦੋਵੇਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਗੇ ਅਤੇ ਉਨ੍ਹਾਂ ਨੂੰ ਬ੍ਰੇਕ ਨਾਲ ਫਾਇਦਾ ਹੋਵੇਗਾ। ਵਾਰਨ ਇਹ ਗੱਲ ਆਪਣੇ ਤਜਰਬੇ ਨਾਲ ਕਹਿ ਰਹੇ ਹਨ। ਇਸ ਦਿੱਗਜ ਸਪਿਨਰ ਨੂੰ ਵੀ 2003 'ਚ ਪਾਬੰਦੀਸ਼ੁਦਾ ਦਵਾਈਆਂ ਲਈ ਪਾਜ਼ੀਟਿਵ ਪਾਏ ਜਾਣ 'ਤੇ ਮੁਅੱਤਲ ਕੀਤਾ ਗਿਆ ਸੀ। ਕਈ ਲੋਕਾਂ ਨੇ ਕਿਹਾ ਕਿ ਉਹ ਫਿਰ ਵਾਪਸੀ ਨਹੀਂ ਕਰ ਸਕਣਗੇ ਪਰ ਵਾਰਨ ਨੇ ਜ਼ੋਰਦਾਰ ਵਾਪਸੀ ਕੀਤੀ ਅਤੇ ਕਈ ਸਾਲ ਤਕ ਸਿਖਰਲੇ ਪੱਧਰ 'ਤੇ ਖੇਡੇ। ਵਾਰਨ ਨੇ ਫਾਕਸ ਸਪੋਰਟਸ ਨੂੰ ਕਿਹਾ, ''ਕਈ ਵਾਰ ਜਦੋਂ ਤੁਹਾਨੂੰ ਬ੍ਰੇਕ ਲਈ ਮਜਬੂਰ ਕੀਤਾ ਜਾਂਦਾ ਹੈ- ਜਿਵੇਂ ਮੇਰੇ ਨਾਲ ਹੋਇਆ, ਮੈਨੂੰ 12 ਮਹੀਨਿਆਂ ਤਕ ਬਾਹਰ ਹੋਣਾ ਪਿਆ- ਇਸ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਤਰੋਤਾਜ਼ਾ (ਫਰੈਸ਼) ਹੋ ਜਾਂਦੇ ਹੋ। ਤੁਹਾਡਾ ਦਿਮਾਗ ਤਰੋਤਾਜ਼ਾ ਹੋ ਜਾਂਦਾ ਹੈ, ਤੁਹਾਡੀ ਭੁੱਖ ਵੱਧ ਜਾਂਦੀ ਹੈ ਅਤੇ ਤੁਸੀਂ ਅਜਿਹਾ ਮਹਿਸੂਸ ਕਰਦੇ ਹੋ ਕਿ ਕ੍ਰਿਕਟ ਤੁਹਾਡੇ ਲਈ ਕਿੰਨਾ ਮਹੱਤਵਪੂਰਨ ਹੈ। ਇਹੋ ਕਾਰਨ ਹੈ ਕਿ ਮੈ ਕਹਿ ਰਿਹਾ ਹਾਂ ਕਿ ਆਸਟਰੇਲੀਆ ਵਿਸ਼ਵ ਕੱਪ ਜਿੱਤ ਸਕਦਾ ਹੈ। ਉਹ ਸਿੱਧੇ ਵਾਪਸੀ ਕਰਨਗੇ। ਉਹ ਸ਼ੁਰੂਆਤੀ ਮੈਚਾਂ 'ਚ ਥੋੜ੍ਹਾ ਨਰਵਸ ਹੋਣਗੇ ਪਰ ਉਨ੍ਹਾਂ ਲਈ ਇਹ ਚੰਗਾ ਹੋਵੇਗਾ।''  


author

Tarsem Singh

Content Editor

Related News