ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਤੋਂ ਪਹਿਲਾਂ ਸ਼ੰਮੀ ਦਾ ਧਿਆਨ ਫਿਟਨੈੱਸ ''ਤੇ
Tuesday, Jan 09, 2024 - 03:17 PM (IST)
ਨਵੀਂ ਦਿੱਲੀ, (ਭਾਸ਼ਾ)- ਗਿੱਟੇ ਦੀ ਸੱਟ ਤੋਂ ਉਭਰ ਰਹੇ ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਕਿਹਾ ਹੈ ਕਿ ਉਸ ਦੀਆਂ ਨਜ਼ਰਾਂ ਇੰਗਲੈਂਡ ਖ਼ਿਲਾਫ਼ ਆਗਾਮੀ ਘਰੇਲੂ ਟੈਸਟ ਲੜੀ ਨੂੰ ਧਿਆਨ ਵਿੱਚ ਰੱਖਦਿਆਂ ਫਿਟਨੈੱਸ ਦੇ ਸਿਖਰਲੇ ਪੱਧਰ ਨੂੰ ਹਾਸਲ ਕਰਨ ’ਤੇ ਟਿਕੀਆਂ ਹੋਈਆਂ ਹਨ। ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ਤਕ ਭਾਰਤ ਦੇ ਸਫ਼ਰ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਵਿੱਚੋਂ 33 ਸਾਲਾ ਸ਼ੰਮੀ ਨੂੰ ਮੰਗਲਵਾਰ ਨੂੰ ਦੇਸ਼ ਦੇ ਦੂਜੇ ਸਭ ਤੋਂ ਵੱਡੇ ਖੇਡ ਸਨਮਾਨ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਵਿਸ਼ਵ ਕੱਪ ਦੇ ਸੱਤ ਮੈਚਾਂ 'ਚ 24 ਵਿਕਟਾਂ ਲੈਣ ਵਾਲੇ ਸ਼ੰਮੀ ਨੇ ਸੋਮਵਾਰ ਰਾਤ ਨੂੰ ਖੇਡ ਮੰਤਰਾਲੇ ਵੱਲੋਂ ਇਸ ਸਾਲ ਦੇ ਰਾਸ਼ਟਰੀ ਖੇਡ ਪੁਰਸਕਾਰ ਜੇਤੂਆਂ ਲਈ ਆਯੋਜਿਤ ਸਮਾਰੋਹ ਦੌਰਾਨ ਪੀਟੀਆਈ ਨੂੰ ਕਿਹਾ, ''ਮੇਰਾ ਉਦੇਸ਼ ਖੁਦ ਨੂੰ ਵੱਧ ਤੋਂ ਵੱਧ ਫਿੱਟ ਰੱਖਣਾ ਹੈ। ਕਿਉਂਕਿ ਅਗਲੇ ਦੋ ਟੂਰਨਾਮੈਂਟ ਅਤੇ ਸੀਰੀਜ਼ ਵੱਡੀਆਂ ਹਨ। ਮੈਂ ਫਿਟਨੈੱਸ 'ਤੇ ਧਿਆਨ ਦੇਵਾਂਗਾ।''
ਇਹ ਵੀ ਪੜ੍ਹੋ : ਕ੍ਰਿਕਟਰ ਮੁਹੰਮਦ ਸ਼ੰਮੀ ਨੂੰ ਮਿਲਿਆ ਅਰਜੁਨ ਐਵਾਰਡ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੀਤਾ ਸਨਮਾਨਿਤ
ਉਸ ਨੇ ਕਿਹਾ, ''ਮੇਰੇ ਹੁਨਰ ਨੂੰ ਲੈ ਕੇ ਕੋਈ ਚਿੰਤਾ ਨਹੀਂ ਹੈ ਕਿਉਂਕਿ ਮੇਰਾ ਮੰਨਣਾ ਹੈ ਕਿ ਜੇਕਰ ਮੈਂ ਆਪਣੀ ਫਿਟਨੈੱਸ ਨੂੰ ਬਰਕਰਾਰ ਰੱਖਾਂਗਾ ਤਾਂ ਹੁਨਰ ਆਪਣੇ ਆਪ ਮੈਦਾਨ 'ਤੇ ਦਿਖਾਈ ਦੇਵੇਗਾ।'' ਇਸ ਸਮੇਂ ਨੈਸ਼ਨਲ ਕ੍ਰਿਕਟ ਅਕੈਡਮੀ ( NCA) ਬੰਗਲੌਰ ਵਿੱਚ ਰਿਹੈਬਲੀਟੇਸ਼ਨ ਤੋਂ ਗੁਜ਼ਰ ਰਹੇ ਸ਼ੰਮੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ ਮੈਡੀਕਲ ਟੀਮ ਦੁਆਰਾ ਮਨਜ਼ੂਰੀ ਨਾ ਮਿਲਣ ਤੋਂ ਬਾਅਦ ਦੱਖਣੀ ਅਫਰੀਕਾ ਦੇ ਖਿਲਾਫ ਹਾਲੀਆ ਸੀਰੀਜ਼ ਤੋਂ ਖੁੰਝ ਗਿਆ ਸੀ। ਇੰਗਲੈਂਡ ਖਿਲਾਫ ਪੰਜ ਟੈਸਟ ਮੈਚਾਂ ਦੀ ਸੀਰੀਜ਼ 25 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ।
ਸ਼ੰਮੀ ਅਰਜੁਨ ਐਵਾਰਡ ਲਈ ਚੁਣੇ ਗਏ 26 ਖਿਡਾਰੀਆਂ 'ਚ ਸ਼ਾਮਲ ਹੈ। ਆਪਣੇ ਕਰੀਅਰ ਵਿੱਚ ਹੁਣ ਤੱਕ 64 ਟੈਸਟ ਮੈਚਾਂ ਵਿੱਚ 229 ਵਿਕਟਾਂ ਲੈਣ ਵਾਲੇ ਉੱਤਰ ਪ੍ਰਦੇਸ਼ ਵਿੱਚ ਜਨਮੇ ਇਸ ਕ੍ਰਿਕਟਰ ਨੇ ਕਿਹਾ, "ਇਹ ਇੱਕ ਸੁਪਨੇ ਦੇ ਸਾਕਾਰ ਹੋਣ ਵਰਗਾ ਹੈ, ਇਹ ਮੇਰੇ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ, ਮੇਰੀ ਮਿਹਨਤ ਦਾ ਨਤੀਜਾ ਹੈ।" ਸ਼ੰਮੀ ਨੇ ਕਿਹਾ, ''ਕੋਈ ਵੀ ਤੁਹਾਡੀ ਕਿਸਮਤ ਨਹੀਂ ਬਦਲ ਸਕਦਾ। ਜੇ ਕਿਸਮਤ ਨੇ ਕੁਝ ਫੈਸਲਾ ਕੀਤਾ ਹੈ, ਤਾਂ ਇਹ ਜ਼ਰੂਰ ਹੋਵੇਗਾ। ਵਿਅਕਤੀ ਨੂੰ ਆਪਣੀ ਮਿਹਨਤ ਜਾਰੀ ਰੱਖਣੀ ਚਾਹੀਦੀ ਹੈ ਅਤੇ ਯਕੀਨੀ ਤੌਰ 'ਤੇ ਨਤੀਜੇ ਪ੍ਰਾਪਤ ਹੋਣਗੇ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।