ਸ਼ਾਹਰੁਖ਼ ਖ਼ਾਨ ਨੇ ਤੂਫ਼ਾਨੀ ਪਾਰੀ ''ਚ ਠੋਕੀਆਂ 194 ਦੌੜਾਂ, ਲਾਏ ਇੰਨੇ ਛੱਕੇ

Saturday, Feb 19, 2022 - 07:13 PM (IST)

ਸ਼ਾਹਰੁਖ਼ ਖ਼ਾਨ ਨੇ ਤੂਫ਼ਾਨੀ ਪਾਰੀ ''ਚ ਠੋਕੀਆਂ 194 ਦੌੜਾਂ, ਲਾਏ ਇੰਨੇ ਛੱਕੇ

ਗੁਹਾਟੀ- ਸ਼ਾਹਰੁਖ਼ ਖ਼ਾਨ (194) ਦੋਹਰਾ ਸੈਂਕੜਾ ਬਣਾਉਣ ਤੋਂ ਖੁੰਝ ਗਏ ਪਰ ਉਨ੍ਹਾਂ ਨੇ ਤਾਮਿਲਨਾਡੂ ਨੂੰ ਦਿੱਲੀ ਦੇ ਖ਼ਿਲਾਫ਼ ਰਣਜੀ ਟਰਾਫ਼ੀ ਐਲੀਟ ਗਰੁੱਪ ਐੱਚ. ਮੈਚ 'ਚ ਸ਼ਨੀਵਾਰ ਨੂੰ ਪਹਿਲੀ ਪਾਰੀ 'ਚ 42 ਦੌੜਂ ਦੀ ਮਹੱਤਵਪੂਰਨ ਬੜ੍ਹਤ ਬਣਾ ਦਿੱਤੀ। ਤਾਮਿਲਨਾਡੂ ਦੀ ਪਹਿਲੀ ਪਾਰੀ 494 ਦੌੜਾਂ 'ਤੇ ਸਮਾਪਤ ਹੋਈ ਜਦਕਿ ਦਿੱਲੀ ਨੇ ਆਪਣੀ ਪਹਿਲੀ ਪਾਰੀ 'ਚ 452 ਦੌੜਾਂ ਦਾ ਸਕੋਰ ਬਣਾਇਆ ਸੀ।

ਤਾਮਿਲਨਾਡੂ ਨੇ ਕਲ ਦੋ ਵਿਕਟਾਂ 'ਤੇ 75 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਕੌਸ਼ਿਕ ਗਾਂਧੀ ਨੇ 37 ਤੇ ਸਾਈ ਕਿਸ਼ੋਰ ਨੇ 11 ਦੌੜਾਂ ਨਾਲ ਆਪਣੀ ਪਾਰੀ ਨੂੰ ਅੱਗੇ ਵਧਾਇਆ। ਸਾਈ ਕਿਸ਼ੋਰ ਆਪਣੇ ਕਲ ਦੇ ਸਕੋਰ 'ਚ ਕੋਈ ਇਜ਼ਾਫਾ ਕੀਤੇ ਬਿਨਾ ਰਨ ਆਊਟ ਹੋ ਗਏ ਜਦਕਿ ਵਿਜੇ ਸ਼ੰਕਰ ਪੰਜ ਦੌੜਾਂ ਬਣਾ ਪਵੇਲੀਅਨ ਪਰਤ ਗਏ। ਬਾਬਾ ਇੰਦਰਜੀਤ ਨੇ 149 ਗੇਂਦਾ 'ਚ 17 ਚੌਕਿਆਂ ਦੋ ਛੱਕਿਆਂ ਦੀ ਮਦਦ ਨਾਲ 117 ਦੌੜਾਂ ਬਣਾਈਆਂ ਤੇ ਸ਼ਾਹਰੁਖ਼ ਖ਼ਾਨ ਦੇ ਨਾਲ ਛੇਵੇਂ ਵਿਕਟ ਲਈ 134 ਦੌੜਾਂ ਦੀ ਸਾਝੇਦਾਰੀ ਕੀਤੀ। ਇੰਦਰਜੀਤ ਟੀਮ ਦੇ 296 ਦੇ ਸਕੋਰ 'ਤੇ ਆਊਟ ਹੋਏ। 

ਸ਼ਾਹਰੁਖ਼ ਨੇ ਨਾਰਾਇਣਨ ਜਗਦੀਸ਼ਨ (50) ਦੇ ਸਤਵੇਂ ਵਿਕਟ ਦੇ ਲਈ 78 ਦੌੜਾਂ ਜੋੜ ਕੇ ਟੀਮ ਨੂੰ ਦਿੱਲੀ ਦੇ ਸਕੋਰ ਤੋਂ ਅੱਗੇ ਪਹੁੰਚਾ ਦਿੱਤਾ। ਸ਼ਾਹਰੁਖ਼ ਟੀਮ ਦੇ 474 ਦੇ ਸਕੋਰ 'ਤੇ ਆਊਟ ਹੋਏ। ਉਨ੍ਹਾਂ ਨੂੰ ਨਿਤੀਸ਼ ਰਾਣਾ ਨੇ ਐੱਲ. ਬੀ. ਡਬਲਯੂ. ਆਊਟ ਕੀਤਾ। ਸ਼ਾਹਰੁਖ਼ ਨੇ ਸਿਰਫ 148 ਗੇਂਦਾਂ 'ਤੇ 194 ਦੌੜਾਂ ਦੀ ਪਾਰੀ 'ਚ 20 ਚੌਕੇ ਤੇ 10 ਛੱਕੇ ਲਗਾਏ। ਜਗਦੀਸ਼ਨ ਆਪਣਾ ਅਰਧ ਸੈਕੜਾ ਪੂਰਾ ਕਰਨ ਦੇ ਬਾਅਦ ਦਿੱਲੀ ਦੇ ਸਭ ਤੋਂ ਸਫਲ ਗੇਂਦਬਾਜ਼ ਵਿਕਾਸ ਮਿਸ਼ਰਾ ਦੀ ਗੇਂਦ 'ਤੇ ਆਊਟ ਹੋਏ। ਵਿਕਾਸ ਨੇ ਅੰਤਿਮ ਦੋ ਵਿਕਟ ਕੱਢ ਕੇ ਆਪਣੀਆਂ 6 ਵਿਕਟਾਂ ਪੂਰੀਆਂ ਕੀਤੀਆ। ਲੈਫਟ ਆਰਮ ਸਪਿਨਰ ਵਿਕਾਸ ਮਿਸ਼ਰਾ ਨੇ 31.5 ਓਵਰ 'ਚ 108 ਦੌੜਾਂ 'ਤੇ 6 ਵਿਕਟਾਂ ਲਈਆਂ। ਰਾਣਾ ਨੂੰ 42 ਦੌੜਾਂ 'ਤੇ ਦੋ ਵਿਕਟਾਂ ਮਿਲੀਆਂ। ਇਸ ਦੇ ਨਾਲ ਹੀ ਦਿਨ ਦੀ ਖੇਡ ਖ਼ਤਮ ਹੋ ਗਈ।


author

Tarsem Singh

Content Editor

Related News