ਸ਼੍ਰੀਕਾਂਤ ਸਮੇਤ 7 ਭਾਰਤੀ ਖਿਡਾਰੀ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਇੰਡੀਆ ਓਪਨ ਤੋਂਂ ਬਾਹਰ
Thursday, Jan 13, 2022 - 11:12 AM (IST)
ਨਵੀਂ ਦਿੱਲੀ (ਭਾਸ਼ਾ)- ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਕਰੋਨਾ ਇਨਫੈਕਸ਼ਨ ਦੀ ਲਪੇਟ ਵਿਚ ਆ ਗਿਆ ਹੈ, ਜਦੋਂ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਕਿਦਾਂਬੀ ਸ਼੍ਰੀਕਾਂਤ ਸਮੇਤ 7 ਭਾਰਤੀ ਖਿਡਾਰੀਆਂ ਨੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਆਪਣਾ ਨਾਮ ਵਾਪਸ ਲੈ ਲਿਆ। ਵਿਸ਼ਵ ਬੈਡਮਿੰਟਨ ਫੈਡਰੇਸ਼ਨ ਨੇ ਤੜਕੇ ਇਹ ਐਲਾਨ ਕੀਤਾ, ਜਿਸ ਤੋਂ ਬਾਅਦ ਭਾਰਤੀ ਬੈਡਮਿੰਟਨ ਫੈਡਰੇਸ਼ਨ ਨੇ ਨਾਵਾਂ ਦਾ ਖ਼ੁਲਾਸਾ ਕੀਤਾ। ਸ਼੍ਰੀਕਾਂਤ ਤੋਂ ਇਲਾਵਾ ਅਸ਼ਵਨੀ ਪੋਨੱਪਾ, ਰਿਤਿਕਾ ਰਾਹੁਲ ਠਕਾਰ, ਤ੍ਰਿਸ਼ਾ ਜੌਲੀ, ਮਿਥੁਨ ਮੰਜੂਨਾਥ, ਸਿਮਰਨ ਅਮਨ ਸਿੰਘ ਅਤੇ ਖੁਸ਼ੀ ਗੁਪਤਾ ਵੀ ਪਾਜ਼ੇਟਿਵ ਪਾਏ ਗਏ ਹਨ।
ਬੀ.ਡਬਲਯੂ.ਐਫ. ਨੇ ਇਕ ਬਿਆਨ ਵਿਚ ਕਿਹਾ, ‘ਇਹ ਖਿਡਾਰੀ ਵੀਰਵਾਰ ਨੂੰ ਕਰਵਾਏ ਗਏ ਲਾਜ਼ਮੀ ਆਰ.ਟੀ.-ਪੀ.ਸੀ.ਆਰ. ਟੈਸਟ ਵਿਚ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਦੇ ਡਬਲਜ਼ ਜੋੜੀਦਾਰਾਂ ਨੇ ਵੀ ਨਜ਼ਦੀਕੀ ਸੰਪਰਕ ਕਾਰਨ ਨਾਮ ਵਾਪਸ ਲੈ ਲਿਆ ਹੈ।’ ਇਸ ਵਿਚ ਕਿਹਾ ਗਿਆ ਹੈ, ‘ਇਨ੍ਹਾਂ ਦੀ ਥਾਂ ’ਤੇ ਹੋਰ ਖਿਡਾਰੀ ਮੁੱਖ ਡਰਾਅ ਵਿਚ ਸ਼ਾਮਲ ਨਹੀਂ ਹੋਣਗੇ। ਇਨ੍ਹਾਂ ਦੇ ਵਿਰੋਧੀਆਂ ਨੂੰ ਅਗਲੇ ਗੇੜ ਵਿਚ ਵਾਕਓਵਰ ਮਿਲੇਗਾ।’ ਐੱਨ ਸਿੱਕੀ ਰੈੱਡੀ, ਧਰੁਵ ਕਪਿਲਾ, ਗਾਇਤਰੀ ਗੋਪੀਚੰਦ, ਅਕਸ਼ਨ ਸ਼ੈਟੀ ਅਤੇ ਕਾਵਿਆ ਗੁਪਤਾ ਨੂੰ ਵੀ ਟੂਰਨਾਮੈਂਟ ਤੋਂਂਨਾਮ ਵਾਪਸ ਲੈਣਾ ਪਿਆ, ਹਾਲਾਂਕਿ ਉਹ ਪਾਜ਼ੇਟਿਵ ਨਹੀਂ ਸਨ ਪਰ ਨਜ਼ਦੀਕੀ ਸੰਪਰਕ ਵਿਚ ਸਨ। ਸਿੱਕੀ ਮਹਿਲਾ ਡਬਲਜ਼ ਵਿਚ ਅਸ਼ਵਨੀ ਦੀ ਜੋੜੀਦਾਰ ਹੈ, ਜਦੋਂ ਕਿ ਧਰੁਵ ਮਿਕਸਡ ਡਬਲਜ਼ ਵਿਚ ਸਿੱਕੀ ਨਾਲ ਖੇਡਦੇ ਹਨ। ਅਕਸ਼ਣ ਅਤੇ ਸਿਮਰਨ ਮਿਕਸਡ ਡਬਲਜ਼ ਵਿਚ ਜੋੜੀਦਾਰ ਹਨ, ਜਦੋਂਕਿ ਕਾਵਿਆ ਅਤੇ ਖੁਸ਼ੀ ਮਹਿਲਾ ਡਬਲਜ਼ ਵਿਚ ਜੋੜੀਦਾਰ ਹਨ।
ਇਸ ਤੋਂ ਪਹਿਲਾਂ 2019 ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਬੀ ਸਾਈ ਪ੍ਰਣੀਤ, ਡਬਲਜ਼ ਮਾਹਰ ਮਨੂ ਅੱਤਰੀ ਅਤੇ ਧਰੁਵ ਰਾਵਤ ਨੇ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਪਾਜ਼ੇਟਿਵ ਹੋਣ ਕਾਰਨ ਨਾਮ ਵਾਪਸ ਲੈ ਲਿਆ ਸੀ। ਡਬਲਜ਼ ਮਾਹਰ ਸੀਨ ਵੈਂਡੀ ਅਤੇ ਕੋਚ ਨਾਥਨ ਰੌਬਰਟਸਨ ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਇੰਗਲੈਂਡ ਦੀ ਪੂਰੀ ਟੀਮ ਨੇ ਨਾਮ ਵਾਪਸ ਲੈ ਲਏ ਸਨ। ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਆਯੋਜਿਤ 2022 ਇੰਡੀਆ ਓਪਨ ਇੰਦਰਾ ਗਾਂਧੀ ਸਟੇਡੀਅਮ ਵਿਚ ਦਰਸ਼ਕਾਂ ਤੋਂ ਬਿਨਾਂ ਕੇਡੀ ਜਾਧਵ ਇੰਡੋਰ ਹਾਲ ਵਿਚ ਖੇਡਿਆ ਜਾ ਰਿਹਾ ਹੈ। ਕੋਰੋਨਾ ਪ੍ਰੋਟੋਕੋਲ ਦੇ ਤਹਿਤ ਸਾਰੇ ਪ੍ਰਤੀਯੋਗੀ ਖਿਡਾਰੀਆਂ ਦੀ ਰੋਜ਼ਾਨਾ ਜਾਂਚ ਕੀਤੀ ਜਾ ਰਹੀ ਹੈ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ.ਵੀ. ਸਿੰਧੂ, ਵਿਸ਼ਵ ਚੈਂਪੀਅਨਸ਼ਿਨ ਚਾਂਦੀ ਅਤੇ ਕਾਂਸੀ ਤਮਗਾ ਜੇਤੂ ਕਿਦਾਂਬੀ ਸ਼੍ਰੀਕਾਂਤ ਅਤੇ ਲਕਸ਼ਯ ਸੇਨ, ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਦੂਜੇ ਗੇੜ ਵਿਚ ਤੱਕ ਪਹੁੰਚੇ ਸਨ। ਦਿੱਲੀ ਵਿਚ ਬੁੱਧਵਾਰ ਨੂੰ ਕੋਰੋਨਾ ਦੇ 27561 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 40 ਲੋਕਾਂ ਦੀ ਮੌਤ ਹੋ ਗਈ ਹੈ।