ਕੌਮਾਂਤਰੀ ਮੁਕਾਬਲਿਆਂ ''ਚ ਚੰਗਾ ਕਰਨ ਲਈ ਹੋਰ ਸੁਧਾਰ ਕਰਨਾ ਹੋਵੇਗਾ : ਸੌਰਭ

Sunday, Jul 29, 2018 - 03:55 PM (IST)

ਨਵੀਂ ਦਿੱਲੀ— ਰੂਸ ਓਪਨ ਦਾ ਖਿਤਾਬ ਜਿੱਤਣ ਵਾਲੇ ਭਾਰਤੀ ਬੈਡਮਿੰਟਨ ਖਿਡਾਰੀ ਸੌਰਭ ਵਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਅੱਗੇ ਵੀ ਆਪਣੀ ਖੇਡ 'ਚ ਸੁਧਾਰ ਜਾਰੀ ਰਖਣਾ ਹੋਵੇਗਾ ਅਤੇ ਕੌਮਾਂਤਰੀ ਪ੍ਰਤੀਯੋਗਿਤਾਵਾਂ 'ਚ ਚੰਗਾ ਕਰਨ ਲਈ ਆਪਣੇ ਮਜ਼ਬੂਤ ਪਹਿਲੂਆਂ 'ਤੇ ਕੰਮ ਕਰਨਾ ਹੋਵੇਗਾ। ਸੌਰਭ ਨੇ ਇਸ ਜਿੱਤ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ, ''ਮੈਂ ਆਪਣੀ ਖੇਡ 'ਚ ਸੁਧਾਰ ਕਰ ਰਿਹਾ ਹਾਂ ਪਰ ਮੈਨੂੰ ਆਪਣੀ ਖੇਡ ਦੇ ਕਈ ਪਹਿਲੂਆਂ 'ਤੇ ਅਜੇ ਵੀ ਮਿਹਨਤ ਕਰਨੀ ਹੈ।'' ਇਸ ਸਾਬਕਾ ਰਾਸ਼ਟਰੀ ਚੈਂਪੀਅਨ ਨੇ 75000 ਡਾਲਰ ਇਨਾਮੀ ਰੂਸ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ 'ਚ ਜਾਪਾਨ ਦੇ ਕੋਕੀ ਵਤਾਨਾਬੇ ਨੂੰ ਹਰਾ ਕੇ ਇਸ ਸੈਸ਼ਨ ਦਾ ਆਪਣਾ ਪਹਿਲਾ ਖਿਤਾਬ ਜਿੱਤਿਆ।

ਸੱਟਾਂ ਤੋਂ ਉਭਰਕੇ ਵਾਪਸੀ ਕਰਨ ਵਾਲੇ ਇਸ 25 ਸਾਲਾ ਖਿਡਾਰੀ ਨੇ ਸਪੋਰਟ ਹਾਲ ਓਲੰਪਿਕ 'ਚ ਇਕ ਘੰਟੇ ਤੱਕ ਚਲੇ ਫਾਈਨਲ 'ਚ ਵਿਸ਼ਵ ਦੇ 119ਵੇਂ ਨੰਬਰ ਦੇ ਵਤਾਨਾਬੇ ਨੂੰ 19-21, 21-12, 21-17 ਨਾਲ ਹਰਾਇਆ। ਪਿਛਲੇ ਮਹੀਨੇ ਸਰਬ ਭਾਰਤੀ ਸੀਨੀਅਰ ਰੈਂਕਿੰਗ ਟੂਰਨਾਮੈਂਟ 'ਚ ਜਿੱਤ ਦਰਜ ਕਰਕੇ ਏਸ਼ੀਆਈ ਖੇਡਾਂ ਲਈ ਕੁਆਲੀਫਾਈ ਕਰਨ ਵਾਲੇ ਇਸ ਖਿਡਾਰੀ ਨੇ ਕਿਹਾ, ''ਮੇਰਾ ਅਗਲਾ ਟੂਰਨਾਮੈਂਟ ਏਸ਼ੀਆਈ ਖੇਡਾਂ ਹੈ ਅਤੇ ਮੈਂ ਆਪਣੇ ਮਜ਼ਬੂਤ ਪੱਖਾਂ 'ਤੇ ਕੰਮ ਕਰ ਰਿਹਾ ਹਾਂ ਜਿਸ ਨਾਲ ਮੈਂ ਚੰਗਾ ਕਰ ਸਕਾਂ।'' ਸੌਰਭ ਨੇ ਅੱਜ ਦੀ ਜਿੱਤ ਦੇ ਬਾਰੇ 'ਤੇ ਪੁੱਛੇ ਜਾਣ 'ਤੇ ਕਿਹਾ, ''ਪਿਛਲੇ ਤਿੰਨ ਮੈਚਾਂ ਦੇ ਮੁਕਾਬਲੇ ਅੱਜ ਸ਼ਟਲ ਦੀ ਰਫਤਾਰ ਹੌਲੀ ਸੀ, ਪਹਿਲੇ ਗੇਮ 'ਚ ਮੈਂ ਲੈਅ ਪ੍ਰਾਪਤ ਨਹੀਂ ਕਰ ਸਕਿਆ। ਮੈਂ ਜਿਸ ਪਾਸੇ ਤੋਂ ਖੇਡਣਾਂ ਸ਼ੁਰੂ ਕੀਤਾ ਉੱਥੋਂ ਸ਼ਟਲ ਨੂੰ ਦੇਖਣਾ ਮੁਸ਼ਕਲ ਹੋ ਰਿਹਾ ਸੀ ਕਿਉਂਕਿ ਬੈਕਗ੍ਰਾਊਂਡ ਚਿੱਟਾ ਸੀ। ਦੂਜੇ ਗੇਮ 'ਚ ਮੇਰੇ ਵਿਰੋਧੀ ਮੁਕਾਬਲੇਬਾਜ਼ ਦੇ ਨਾਲ ਵੀ ਅਜਿਹਾ ਹੀ ਹੋਇਆ।''


Related News