ਸਤੀਸ਼ ਕੁਮਾਰ ਜਾਪਾਨ ਓਪਨ ਦੇ ਪ੍ਰੀ-ਕੁਆਰਟਰ ਫਾਈਨਲ ’ਚ

Thursday, Aug 22, 2024 - 11:23 AM (IST)

ਸਤੀਸ਼ ਕੁਮਾਰ ਜਾਪਾਨ ਓਪਨ ਦੇ ਪ੍ਰੀ-ਕੁਆਰਟਰ ਫਾਈਨਲ ’ਚ

ਯੋਕੋਹਾਮਾ (ਜਾਪਾਨ)–ਭਾਰਤ ਦੇ ਬੈਡਮਿੰਟਨ ਖਿਡਾਰੀ ਸਤੀਸ਼ ਕੁਮਾਰ ਕਰੁਣਾਕਰਨ ਨੇ ਬੁੱਧਵਾਰ ਨੂੰ ਇੱਥੇ ਪਹਿਲੇ ਦੌਰ ਵਿਚ ਡੈੱਨਮਾਰਕ ਦੇ ਐਂਡਰਸ ਐਂਟਨਸਨ ਦੇ ਮੈਚ ਵਿਚਾਲੇ ਜ਼ਖ਼ਮੀ ਹੋਣ ਕਾਰਨ ਹਟਣ ’ਤੇ ਜਾਪਾਨ ਓਪਨ ਦੇ ਪੁਰਸ਼ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ। ਭਾਰਤ ਦਾ 23 ਸਾਲਾ ਸਤੀਸ਼ ਜਦੋਂ 6-1 ਨਾਲ ਅੱਗੇ ਚੱਲ ਰਿਹਾ ਸੀ ਤਦ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਐਂਟਨਸਨ ਨੇ ਯੋਕੋਹਾਮਾ ਏਰੇਨਾ ਵਿਚ ਮੁਕਾਬਲੇ ਦੇ ਤੀਜੇ ਮਿੰਟ ਵਿਚ ਹੀ ਹਟਣ ਦਾ ਫੈਸਲਾ ਕੀਤਾ। ਦੁਨੀਆ ਦਾ 47ਵੇਂ ਨੰਬਰ ਦਾ ਖਿਡਾਰੀ ਸਤੀਸ਼ ਪ੍ਰੀ ਕੁਆਰਟਰ ਫਾਈਨਲ ਵਿਚ ਥਾਈਲੈਂਡ ਦੇ ਕੇਂਟਾਫੋਨ ਵੈਂਗਚੇਰੋਏਨ ਨਾਲ ਭਿੜੇਗਾ।
ਕਿਰਣ ਜਾਰਜ ਨੂੰ ਹਾਲਾਂਕਿ ਇਸ ਸੁਪਰ 75 ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਪਹਿਲੇ ਦੌਰ ਵਿਚ ਜਾਪਾਨ ਦੇ ਕੇਂਤਾ ਸੁਨੇਯਾਮਾ ਵਿਰੁੱਧ 19-21, 14-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸੁਮਿਤ ਰੈੱਡੀ ਤੇ ਸਿੱਕੀ ਰੈੱਡੀ ਦੀ ਮਿਕਸਡ ਡਬਲਜ਼ ਜੋੜੀ ਦੀ ਵੀ ਮੁਹਿੰਮ ਖਤਮ ਹੋ ਗਈ। ਇਹ ਜੋੜੀ ਪਹਿਲੇ ਦੌਰ ਵਿਚ ਡੈੱਨਮਾਰਕ ਦੇ ਜੇਸਪਰ ਟਾਫਟ ਤੇ ਐਮੇਲੀ ਮੇਗਲੁੰਡ ਵਿਰੁੱਧ ਮੁਕਾਬਲੇ ਵਿਚਾਲਿਓਂ ਹਟ ਗਈ।
ਮਹਿਲਾ ਡਬਲਜ਼ ਵਿਚ ਰਿਤੂਪਰਣਾ ਪਾਂਡਾ ਤੇ ਸ਼ਵੇਤਪਰਣਾ ਪਾਂਡਾ ਨੂੰ ਵੀ ਪਹਿਲੇ ਦੌਰ ਵਿਚ ਜੂਲੀ ਫਿਨ ਇਪਸੇਨ ਤੇ ਮਾਈ ਸੁਰੋ ਦੀ ਡੈੱਨਮਾਰਕ ਦੀ ਜੋੜੀ ਵਿਰੁੱਧ 34 ਮਿੰਟ ਵਿਚ 8-21, 14-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਹਾਲ ਹੀ ਵਿਚ ਪੈਰਿਸ ਓਲੰਪਿਕ ਵਿਚ ਹਿੱਸਾ ਲੈਣ ਵਾਲਾ ਕੋਈ ਵੀ ਭਾਰਤੀ ਖਿਡਾਰੀ ਇਸ ਟੂਰਨਾਮੈਂਟ ਵਿਚ ਨਹੀਂ ਖੇਡ ਰਿਹਾ ਹੈ।
 


author

Aarti dhillon

Content Editor

Related News