ਸਰਫਰਾਜ਼, ਜੁਰੇਲ ਤੇ ਦਿਆਲ ਨੂੰ ਈਰਾਨੀ ਕੱਪ ਲਈ ਭਾਰਤੀ ਟੀਮ ਤੋਂ ਕੀਤਾ ਜਾਵੇਗਾ ਰਿਲੀਜ਼!

Wednesday, Sep 25, 2024 - 02:08 PM (IST)

ਸਰਫਰਾਜ਼, ਜੁਰੇਲ ਤੇ ਦਿਆਲ ਨੂੰ ਈਰਾਨੀ ਕੱਪ ਲਈ ਭਾਰਤੀ ਟੀਮ ਤੋਂ ਕੀਤਾ ਜਾਵੇਗਾ ਰਿਲੀਜ਼!

ਨਵੀਂ ਦਿੱਲੀ– ਮੱਧਕ੍ਰਮ ਦੇ ਬੱਲੇਬਾਜ਼ ਸਰਫਰਾਜ਼ ਖਾਨ, ਵਿਕਟਕੀਪਰ ਧਰੁਵ ਜੁਰੇਲ ਤੇ ਤੇਜ਼ ਗੇਂਦਬਾਜ਼ ਯਸ਼ ਦਿਆਲ ਦਾ ਬੰਗਲਾਦੇਸ਼ ਵਿਰੁੱਧ ਕਾਨਪੁਰ ਵਿਚ 27 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ ਦੀ ਆਖਰੀ-11 ਵਿਚ ਨਾ ਚੁਣੇ ਜਾਣ ’ਤੇ ਈਰਾਨੀ ਕੱਪ ਲਈ ਭਾਰਤੀ ਟੀਮ ਤੋਂ ਰਿਲੀਜ਼ ਕੀਤਾ ਜਾਣਾ ਲੱਗਭਗ ਤੈਅ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ 1 ਤੋਂ 5 ਅਕਤੂਬਰ ਤੱਕ ਲਖਨਊ ਵਿਚ ਰਣਜੀ ਚੈਂਪੀਅਨ ਮੁੰਬਈ ਵਿਰੁੱਧ ਖੇਡੇ ਜਾਣ ਵਾਲੇ ਈਰਾਨੀ ਕੱਪ ਲਈ ਮੰਗਲਵਾਰ ਨੂੰ ਰਿਤੂਰਾਜ ਗਾਇਕਵਾੜ ਦੀ ਅਗਵਾਈ ਵਿਚ ਰੈਸਟ ਆਫ ਇੰਡੀਆ ਟੀਮ ਦਾ ਐਲਾਨ ਕੀਤਾ।
ਬੀ. ਸੀ. ਸੀ. ਆਈ. ਬਿਆਨ ਅਨੁਸਾਰ, ‘‘ਧਰੁਵ ਜੁਰੇਲ ਤੇ ਯਸ਼ ਦਿਆਲ ਨੂੰ ਰੈਸਟ ਆਫ ਇੰਡੀਆ ਵਿਚ ਚੁਣਿਆ ਗਿਆ ਹੈ ਪਰ ਈਰਾਨੀ ਕੱਪ ਵਿਚ ਉਨ੍ਹਾਂ ਦੀ ਹਿੱਸੇਦਾਰੀ ਕਾਨਪੁਰ ਵਿਚ ਬੰਗਲਾਦੇਸ਼ ਵਿਰੁੱਧ ਦੂਜੇ ਟੈਸਟ ਮੈਚ ਵਿਚ ਸ਼ਾਮਲ ਹੋਣ ’ਤੇ ਨਿਰਭਰ ਹੈ।’’ ਭਾਰਤੀ ਟੀਮ ਦੇ ਸੂਤਰਾਂ ਮੁਤਾਬਕ ਇਸ ਮੈਚ ਵਿਚ ਜੇਕਰ ਰਿਸ਼ਭ ਪੰਤ ਜ਼ਖ਼ਮੀ ਹੁੰਦਾ ਹੈ ਤਾਂ ਲੋਕੇਸ਼ ਰਾਹੁਲ ਉਸਦੀ ਜਗ੍ਹਾ ਵਿਕਟਕੀਪਰ ਦੀ ਭੂਮਿਕਾ ਨਿਭਾਅ ਸਕਦਾ ਹੈ। ਅਜਿਹੇ ਵਿਚ ਜੁਰੇਲ ਨੂੰ ਰਿਲੀਜ਼ ਕਰਨਾ ਜ਼ੋਖ਼ਿਮ ਭਰਿਆ ਨਹੀਂ ਹੋਵੇਗਾ।
ਸਰਫਰਾਜ਼ ਨੂੰ ਜੇਕਰ ਭਾਰਤ ਦੀ ਆਖਰੀ-11 ਵਿਚ ਜਗ੍ਹਾ ਨਹੀਂ ਮਿਲੀ ਤਾਂ ਉਸ ਨੂੰ ਵੀ ਈਰਾਨੀ ਕੱਪ ਲਈ ਰਾਸ਼ਟਰੀ ਟੀਮ ਤੋਂ ਰਿਲੀਜ਼ ਕੀਤਾ ਜਾ ਸਕਦਾ ਹੈ। ਉਹ ਅਜਿੰਕਯ ਰਹਾਨੇ ਦੀ ਅਗਵਾਈ ਵਾਲੀ ਮੁੰਬਈ ਟੀਮ ਦਾ ਹਿੱਸਾ ਹੋ ਸਕਦਾ ਹੈ। ਰੈਸਟ ਆਫ ਇੰਡੀਆ ਟੀਮ : ਰਿਤੂਰਾਜ ਗਾਇਕਵਾੜ (ਕਪਤਾਨ), ਅਭਿਮਨਿਊ ਈਸ਼ਵਰਨ (ਉਪ ਕਪਤਾਨ), ਸਾਈ ਸੁਦਰਸ਼ਨ, ਦੇਵਦੱਤ ਪੱਡੀਕਲ, ਧਰੁਵ ਜੁਰੇਲ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਮਾਨਵ ਸੁਥਾਰ, ਸਾਰਾਂਸ਼ ਜੈਨ, ਪ੍ਰਸਿੱਧ ਕ੍ਰਿਸ਼ਣਾ, ਮੁਕੇਸ਼ ਕੁਮਾਰ, ਯਸ਼ ਦਿਆਲ, ਰਿਕੀ ਭੂਈ, ਸ਼ਾਸ਼ਵਤ ਰਾਵਤ, ਖਲੀਲ ਅਹਿਮਦ, ਰਾਹੁਲ ਚਾਹਰ।


author

Aarti dhillon

Content Editor

Related News