ਵੈਸਟਇੰਡੀਜ਼ ਨੇ ਭਾਰਤੀ ਮਹਿਲਾ ਟੀਮ ਨੂੰ 9 ਵਿਕਟਾਂ ਨਾਲ ਹਰਾ ਕੇ ਕੀਤੀ ਟੀ-20 ਲੜੀ ’ਚ ਵਾਪਸੀ
Wednesday, Dec 18, 2024 - 01:09 PM (IST)
ਮੁੰਬਈ– ਕਪਤਾਨ ਹੈਲੀ ਮੈਥਿਊਜ਼ ਦੀ ਆਲਰਾਊਂਡ ਖੇਡ (2 ਵਿਕਟਾਂ ਅਤੇ ਅਜੇਤੂ 85 ਦੌੜਾਂ) ਦੇ ਦਮ ’ਤੇ ਵੈਸਟਇੰਡੀਜ਼ ਨੇ ਦੂਜੇ ਟੀ-20 ਕੌਮਾਂਤਰੀ ਵਿਚ ਭਾਰਤੀ ਮਹਿਲਾ ਟੀਮ ਨੂੰ 26 ਗੇਂਦਾਂ ਬਾਕੀ ਰਹਿੰਦਿਆਂ 9 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਵਿਚ 1-1 ਨਾਲ ਬਰਾਬਰੀ ਕਰ ਲਈ।
ਵੈਸਟਇੰਡੀਜ਼ ਦੀ ਪਾਰੀ ਵਿਚ 27 ਚੌਕੇ ਤੇ 2 ਛੱਕੇ ਲੱਗੇ, ਜਿਨ੍ਹਾਂ ਵਿਚੋਂ 17 ਚੌਕੇ ਮੈਥਿਊਜ਼ ਦੇ ਬੱਲੇ ਤੋਂ ਨਿਕਲੇ। ਉਸ ਨੇ 47 ਗੇਂਦਾਂ ਦੀ ਹਮਲਾਵਰ ਅਜੇਤੂ ਪਾਰੀ ਦੌਰਾਨ ਪਹਿਲੀ ਵਿਕਟ ਲਈ ਕਿਆਨਾ ਜੋਸੇਫ (38) ਦੇ ਨਾਲ 40 ਗੇਂਦਾਂ ਵਿਚ 66 ਤੇ ਦੂਜੀ ਵਿਕਟ ਲਈ ਸ਼ਮੈਨ ਕੈਂਪਬੇਲ (ਅਜੇਤੂ 29) ਦੇ ਨਾਲ 55 ਗੇਂਦਾਂ ਵਿਚ 94 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਟੀਮ ਦੀ ਜਿੱਤ ਪੱਕੀ ਕੀਤੀ। ਜੋਸੇਫ ਨੇ 22 ਗੇਂਦਾਂ ਦੀ ਪਾਰੀ ਵਿਚ 6 ਚੌਕੇ ਤੇ 2 ਛੱਕੇ ਲਾਏ ਤੇ ਉੱਥੇ ਹੀ, ਕੈਂਪਬੇਲ ਨੇ 26 ਗੇਂਦਾਂ ਦੀ ਅਜੇਤੂ ਪਾਰੀ ਵਿਚ 4 ਚੌਕੇ ਲਾਏ। ਭਾਰਤੀ ਪਾਰੀ ਨੂੰ 9 ਵਿਕਟਾਂ ’ਤੇ 159 ਦੌੜਾਂ ’ਤੇ ਰੋਕਣ ਤੋਂ ਬਾਅਦ ਵੈਸਟਇੰਡੀਜ਼ ਨੇ 15.4 ਓਵਰਾਂ ਵਿਚ 1 ਵਿਕਟ ਦੇ ਨੁਕਸਾਨ ’ਤੇ ਆਸਾਨੀ ਨਾਲ ਟੀਚਾ ਹਾਸਲ ਕਰ ਲਿਆ। ਭਾਰਤ ਲਈ ਇਕਲੌਤੀ ਸਫਲਤਾ ਸਾਇਮਾ ਠਾਕੋਰ (28 ਦੌੜਾਂ ’ਤੇ 1 ਵਿਕਟ) ਨੂੰ ਮਿਲੀ।
ਇਸ ਤੋਂ ਪਹਿਲਾਂ ਸਮ੍ਰਿਤੀ ਮੰਧਾਨਾ (62) ਦੀ ਲੜੀ ਵਿਚ ਲਗਾਤਾਰ ਦੂਜੀ ਅਰਧ ਸੈਂਕੜੇ ਵਾਲੀ ਪਾਰੀ ਤੇ ਰਿਚਾ ਘੋਸ਼ (32) ਦੀ ਹਮਲਾਵਰ ਬੱਲੇਬਾਜ਼ੀ ਨਾਲ ਭਾਰਤ ਨੇ ਇਕ ਪਾਸੇ ਤੋਂ ਵਿਕਟਾਂ ਦੇ ਪਤਨ ਵਿਚਾਲੇ ਮੁਕਾਬਲੇਬਾਜ਼ੀ ਸਕੋਰ ਖੜ੍ਹਾ ਕੀਤਾ। ਮੰਧਾਨਾ ਨੇ 14ਵੇਂ ਓਵਰ ਤੱਕ ਇਕ ਪਾਸਾ ਸੰਭਾਲੀ ਰੱਖਿਆ ਤਾਂ ਉੱਥੇ ਹੀ ਉਸਦੇ ਆਊਟ ਹੋਣ ਤੋਂ ਬਾਅਦ ਰਿਚਾ ਨੇ 17 ਗੇਂਦਾਂ ਦੀ ਆਪਣੀ ਹਮਲਾਵਰ ਪਾਰੀ ਵਿਚ 6 ਚੌਕੇ ਲਾਏ, ਜਿਸ ਨਾਲ ਭਾਰਤ 150 ਦੌੜਾਂ ਦੇ ਅੰਕੜੇ ਨੂੰ ਪਾਰ ਕਰਨ ਵਿਚ ਸਫਲ ਰਿਹਾ। ਭਾਰਤ ਨੇ ਲੜੀ ਦਾ ਪਹਿਲਾ ਮੈਚ ਐਤਵਾਰ ਨੂੰ 49 ਦੌੜਾਂ ਨਾਲ ਜਿੱਤਿਆ ਸੀ। ਇਸਦਾ ਫੈਸਲਾਕੁੰਨ ਮੁਕਾਬਲਾ 19 ਦਸੰਬਰ ਨੂੰ ਇਸੇ ਸਥਾਨ ’ਤੇ ਖੇਡਿਆ ਜਾਵੇਗਾ।