ਬਦਲਾਅ ਦੇ ਦੌਰ ’ਚੋਂ ਲੰਘ ਰਹੀ ਏ ਟੀਮ ਇੰਡੀਆ : ਬੁਮਰਾਹ
Tuesday, Dec 17, 2024 - 10:59 AM (IST)
ਸਪੋਰਟਸ ਡੈਸਕ- ਜਸਪ੍ਰੀਤ ਬੁਮਰਾਹ ਨੇ ਆਸਟ੍ਰੇਲੀਆ ਵਿਚ ਖਰਾਬ ਦੌਰ ਨਾਲ ਜੂਝ ਰਹੀ ਭਾਰਤੀ ਟੀਮ ਦਾ ਬਚਾਅ ਕਰਦੇ ਹੋਏ ਆਪਣੇ ’ਤੇ ਵਾਧੂ ਦਬਾਅ ਦੀ ਗੱਲ ਨੂੰ ਖਾਰਿਜ ਕੀਤਾ ਤੇ ਕਿਹਾ ਕਿ ਟੀਮ ਬਦਲਾਅ ਦੇ ਦੌਰ ਵਿਚੋਂ ਲੰਘ ਰਹੀ ਹੈ ਤੇ ਤਜਰਬੇਕਾਰ ਹੋਣ ਦੇ ਨਾਤੇ ਵਾਧੂ ਜ਼ਿੰਮੇਵਾਰੀ ਚੁੱਕਣਾ ਉਸਦਾ ਕੰਮ ਹੈ।
ਆਸਟ੍ਰੇਲੀਆ ਵਿਰੁੱਧ ਟੈਸਟ ਸੀਰੀਜ਼ ਦੌਰਾਨ ਬੱਲੇਬਾਜ਼ਾਂ ਦੀ ਤਕਨੀਕ ਤੇ ਬੁਮਰਾਹ ਤੋਂ ਇਲਾਵਾ ਬਾਕੀ ਗੇਂਦਬਾਜ਼ਾਂ ਦੇ ਪੱਧਰ ’ਤੇ ਸਵਾਲ ਉੱਠਣ ਲੱਗੇ ਹਨ। ਬੁਮਰਾਹ ਨੇ ਕਿਹਾ, ‘‘ਇਕ ਟੀਮ ਦੇ ਰੂਪ ਵਿਚ ਅਸੀਂ ਇਕ-ਦੂਜੇ ’ਤੇ ਸਵਾਲ ਨਹੀਂ ਚੁੱਕਦੇ । ਅਸੀਂ ਉਸ ਮਾਨਸਿਕਤਾ ਵਿਚ ਨਹੀਂ ਪੈਣਾ ਚਾਹੁੰਦੇ, ਜਿੱਥੇ ਇਕ ਦੂਜੇ ’ਤੇ ਉਂਗਲੀ ਚੁੱਕੀ ਜਾਵੇ।’’ਉਸ ਨੇ ਕਿਹਾ, ‘‘ਅਸੀਂ ਇਕ ਟੀਮ ਦੇ ਰੂਪ ਵਿਚ ਬਦਲਾਅ ਦੇ ਦੌਰ ਵਿਚੋਂ ਲੰਘ ਰਹੇ ਹਾਂ। ਨਵੇਂ ਖਿਡਾਰੀ ਆ ਰਹੇ ਹਨ ਤੇ ਕ੍ਰਿਕਟ ਖੇਡਣ ਲਈ ਇਹ ਸਭ ਤੋਂ ਆਸਾਨ ਜਗ੍ਹਾ ਨਹੀਂ ਹੈ। ਕ੍ਰਿਕਟ ਵੱਖਰੀ ਤਰ੍ਹਾਂ ਦੀ ਹੈ ਤੇ ਮਾਹੌਲ ਵੱਖਰਾ ਹੈ।’’
ਬੁਮਰਾਹ ਨੇ ਕਿਹਾ, ‘‘ਗੇਂਦਬਾਜ਼ੀ ਇਕਾਈ ਦੇ ਤੌਰ ’ਤੇ ਅਸੀਂ ਬਦਲਾਅ ਦੇ ਦੌਰ ਵਿਚ ਹਾਂ, ਲਿਹਾਜਾ ਦੂਜਿਆਂ ਦੀ ਮਦਦ ਕਰਨਾ ਮੇਰਾ ਕੰਮ ਹੈ। ਮੈਂ ਦੂਜਿਆਂ ਤੋਂ ਵੱਧ ਕ੍ਰਿਕਟ ਖੇਡੀ ਹੈ ਤੇ ਮੈਂ ਉਨ੍ਹਾਂ ਦੀ ਮਦਦ ਦੀ ਕੋਸ਼ਿਸ਼ ਕਰ ਰਿਹਾ ਹਾਂ।’’ ਉਸ ਨੇ ਕਿਹਾ,‘‘ਅਸੀਂ ਸਾਰੇ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਪ੍ਰਦਰਸ਼ਨ ਬਿਹਤਰ ਹੋਵੇਗਾ। ਸਫਰ ਵਿਚ ਇਨ੍ਹਾਂ ਸਾਰੀਆਂ ਚੀਜ਼ਾਂ ਵਿਚੋਂ ਲੰਘਣਾ ਪੈਂਦਾ ਹੈ।’’’ ਬੁਮਰਾਹ ਨੇ ਇਨ੍ਹਾਂ ਖਬਰਾਂ ਨੂੰ ਵੀ ਰੱਦ ਕੀਤਾ ਕਿ ਪਹਿਲੀ ਪਾਰੀ ਵਿਚ ਖਰਾਬ ਸਕੋਰ ਨਾਲ ਗੇਂਦਬਾਜ਼ਾਂ ਤੇ ਉਨ੍ਹਾਂ ’ਤੇ ਵੱਧ ਦਬਾਅ ਪੈ ਰਿਹਾ ਹੈ।