ਸਰਫਰਾਜ਼ ਹੀ ਹੋਣਗੇ ਵਿਸ਼ਵ ਕੱਪ ''ਚ ਪਾਕਿ ਟੀਮ ਦੇ ਕਪਤਾਨ : PCB

Tuesday, Feb 05, 2019 - 05:47 PM (IST)

ਸਰਫਰਾਜ਼ ਹੀ ਹੋਣਗੇ ਵਿਸ਼ਵ ਕੱਪ ''ਚ ਪਾਕਿ ਟੀਮ ਦੇ ਕਪਤਾਨ : PCB

ਇਸਲਾਮਾਬਾਦ : ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਤੋਂ 4 ਮੈਚਾਂ ਦੀ ਪਾਬੰਦੀ ਝਲ ਰਹੇ ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਅਹਿਮਦ ਨੂੰ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਤੋਂ ਰਾਹਤ ਦੀ ਖਬਰ ਮਿਲੀ ਹੈ। ਪੀ. ਸੀ. ਬੀ. ਨੇ ਕਿਹਾ ਕਿ 2019 ਵਿਚ ਇੰਗਲੈਂਡ ਵਿਚ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਵਿਚ ਸਰਫਰਾਜ਼ ਹੀ ਪਾਕਿ ਟੀਮ ਦੀ ਅਗਵਾਈ ਕਰਨਗੇ। ਪੀ. ਸੀ. ਬੀ. ਨੇ ਇਕ ਵਾਰ ਸਰਫਰਾਜ਼ ਦਾ ਸਮਰਥਨ ਕੀਤਾ ਹੈ ਤੇ ਉਸ ਨੂੰ ਵਿਸ਼ਵ ਕੱਪ ਤੋਂ ਕੁਝ ਹੀ ਮਹੀਨੇ ਪਹਿਲਾਂ ਇਹ ਜ਼ਿੰਮੇਵਾਰੀ ਸੌਂਪੀ ਹੈ।

PunjabKesari

ਪੀ. ਸੀ. ਬੀ. ਦੇ ਪ੍ਰਧਾਨ ਅਹਿਸਾਮ ਮਨੀ ਨੇ ਕਿਹਾ, ''ਸਰਫਰਾਜ਼ ਵਿਸ਼ਵ ਕੱਪ ਦੀ ਤਿਆਰੀ ਦਾ ਅਟੁੱਟ ਅੰਗ ਹੈ। ਉਹ ਇਕ ਚੰਗੇ ਰਣਨੀਤੀਕਾਰ, ਕਪਤਾਨ, ਬਿਹਤਰੀਨ ਖਿਡਾਰੀ ਸਾਬਤ ਹੋਏ ਹਨ। ਉਸ ਦੀ ਅਗਵਾਈ ਵਿਚ ਹੀ ਪਾਕਿਸਤਾਨ ਚੈਂਪੀਅਨਸ ਟਰਾਫੀ 2017 ਜਿੱਤੀ ਸੀ ਅਤੇ ਉਸ ਦੀ ਕਪਤਾਨੀ ਵਿਚ ਹੀ ਪਾਕਿ ਟੀਮ ਆਈ. ਸੀ. ਸੀ. ਟੀ-20 ਰੈਂਕਿੰਗ ਵਿਚ ਚੋਟੀ 'ਤੇ ਪਹੁੰਚਿਆ ਹੈ।''

PunjabKesari

ਮਨੀ ਨੇ ਇਸ ਤੋਂ ਬਾਅਦ ਕਿਹਾ, ''ਸਰਫਰਾਜ਼ ਦੀ ਕਪਤਾਨੀ ਦੀ ਵਿਸ਼ਵ ਤੋਂ ਬਾਅਦ ਹੀ ਸਮੀਖਿਆ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਅਤੇ ਦੱਖਣੀ ਅਫਰੀਕਾ ਵਿਚਾਲੇ ਵਨ ਡੇ ਸੀਰੀਜ਼ ਦੇ ਦੂਜੇ ਮੈਚ ਦੌਰਾਨ ਦੱਖਣੀ ਅਫਰੀਕਾ ਖਿਡਾਰੀ ਐਂਡੀਲੇ ਫੇਹਲੁਕਵਾਓ 'ਤੇ ਨਸਲੀ ਟਿੱਪਣੀ ਕੀਤੀ ਸੀ ਜਿਸ ਨੂੰ ਵਿਕਟ ਦੇ ਪਿੱਛੇ ਮਾਈਕ ਨੇ ਰਿਕਾਰਡ ਕਰ ਲਿਆ ਸੀ। ਇਸ ਤੋਂ ਬਾਅਦ ਸਰਫਰਾਜ਼ ਨੇ ਟਵੀਟ ਕਰ ਕੇ ਅਤੇ ਫੇਹਲੁਕਵਾਓ ਨਾਲ ਮੁਲਾਕਾਤ ਕਰ ਉਸ ਤੋਂ ਮੁਆਫੀ ਮੰਗ ਲਈ ਸੀ। ਇਸ ਦੇ ਬਾਵਜੂਦ ਆਈ. ਸੀ. ਸੀ. ਨੇ ਉਸ 'ਤੇ 4 ਮੈਚਾਂ ਦੀ ਪਾਬੰਦੀ ਲਾ ਦਿੱਤੀ ਸੀ। ਫਿਲਹਾਲ ਸਰਫਰਾਜ਼ ਪਾਕਿਸਤਾਨ ਸੁਪਰ ਲੀਗ ਅਤੇ ਮਾਰਚ ਵਿਚ ਆਸਟਰੇਲੀਆ ਦੇ ਨਾਲ ਹੋਣ ਵਾਲੀ ਸੀਰੀਜ਼ ਲਈ ਅਭਿਆਸ ਕਰ ਰਹੇ ਹਨ।


Related News