ਸਕਲੇਨ ਫਿਰ ਜੁੜੇ ਪਾਕਿ ਟੀਮ ਨਾਲ, PCB ਨੇ ਦਿੱਤੀ ਵੱਡੀ ਭੂਮਿਕਾ
Thursday, May 28, 2020 - 03:03 PM (IST)

ਲਾਹੌਰ : ਪਾਕਿਸਤਾਨ ਦੇ ਫੀਲਡਿੰਗ ਕੋਚ ਗ੍ਰਾਂਟ ਬ੍ਰੈਡਬਰਨ ਅਤੇ ਸਾਬਕਾ ਸਪਿਨਰ ਸਕਲੇਨ ਮੁਸ਼ਤਾਕ ਨੂੰ ਵੀਰਵਾਰ ਨੂੰ ਕ੍ਰਮਵਾਰ : ਪੀ. ਸੀ. ਬੀ. ਦੇ ਹਾਈ ਪਰਫਾਰਮੈਂਸ ਕੋਚਿੰਗ ਪ੍ਰਮੁੱਖ ਅਤੇ ਕੌਮਾਂਤਰੀ ਖਿਡਾਰੀ ਵਿਕਾਸ ਪ੍ਰਮੁੱਖ ਨਿਯੁਕਤ ਕੀਤਾ ਗਿਆ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਇੱਥੇ ਆਪਣੀ ਮੁੱਖ ਟ੍ਰੇਨਿੰਗ ਸਹੂਲਤ ਨੂੰ ਦੋਬਾਰਾ ਸ਼ੁਰੂ ਕਰਨ ਲਈ ਇਹ ਨਿਯੁਕਤੀਆ ਕੀਤੀਆਂ।
ਇਨ੍ਹਾਂ 2 ਸਾਬਕਾ ਟੈਸਟ ਕ੍ਰਿਕਟਰਾਂ ਤੋਂ ਇਲਾਵਾ ਆਸੇਰ ਮਲਿਕ ਨੂੰ ਹਾਈ ਪਰਫਾਰਮੈਂਸ ਸੰਚਾਲਨ ਮੈਨੇਜਾਰ ਨਿਯੁਕਤ ਕੀਤਾ ਗਿਆ। ਮੁਸ਼ਤਾਕ ਨੇ ਕਿਹਾ ਕਿ ਪਾਕਿਸਤਾਨ ਦੀ ਨੁਮਾਇੰਦਗੀ ਕਰਨਾ ਸਨਮਾਨ ਦੀ ਗੱਲ ਹੈ। ਮੈਂ ਖੁਸ਼ ਹਾਂ ਕਿ ਮੈਨੂੰ ਨੌਜਵਾਨ ਕ੍ਰਿਕਟਰਾਂ ਦੇ ਨਾਲ ਕੰਮ ਕਰਨ ਦਾ ਮੌਕਾ ਦਿੱਤਾ ਗਿਆ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਆਪਣੀ ਜਾਣਕਾਰੀ ਅਤੇ ਤਜ਼ਰਬੇ ਨੌਜਵਾਨ ਖਿਡਾਰੀਆਂ ਵਿਚ ਵੰਡਣ 'ਚ ਸਫਲ ਰਹਾਂਗਾ। ਪੀ. ਸੀ. ਬੀ. ਜਲਦੀ ਹੀ ਰਾਸ਼ਟਰੀ ਟੀਮ ਦੇ ਲਈ ਬ੍ਰੈਡਬਰਨ ਦੀ ਜਗ੍ਹਾਂ ਕਿਸੇ ਨੂੰ ਨਿਯੁਕਤ ਕਰਨ ਦਾ ਐਲਾਨ ਕਰ ਸਕਦਾ ਹੈ।