ਸਾਨੀਆ ਦੇ ਬੇਟੇ ਤੇ ਭੈਣ ਨੂੰ ਮਿਲਿਆ ਬ੍ਰਿਟੇਨ ਦਾ ਵੀਜ਼ਾ, ਰਿਜਿਜੂ ਤੇ ਹੋਰਨਾਂ ਦਾ ਕੀਤਾ ਧੰਨਵਾਦ ਕੀਤਾ

Thursday, Jun 03, 2021 - 05:11 PM (IST)

ਸਪੋਰਟਸ ਡੈਸਕ : ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਖੇਡ ਮੰਤਰੀ ਕਿਰਨ ਰਿਜਿਜੂ ਅਤੇ ਹੋਰਨਾਂ ਦਾ ਆਪਣੇ ਬੇਟੇ ਅਤੇ ਭੈਣ ਨੂੰ ਯੂ. ਕੇ. ਦਾ ਵੀਜ਼ਾ ਦਿਵਾਉਣ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਵੀਰਵਾਰ ਨੂੰ ਉਨ੍ਹਾਂ ਦਾ ਧੰਨਵਾਦ ਕੀਤਾ। ਹੁਣ ਉਹ ਦੋਵੇਂ ਉਨ੍ਹਾਂ ਨਾਲ ਓਲੰਪਿਕ ਦੀ ਤਿਆਰੀ ਲਈ ਆਯੋਜਿਤ ਟੂਰਨਾਮੈਂਟ ’ਚ ਜਾ ਸਕਦੇ ਹਨ। ਖੇਡ ਮੰਤਰਾਲੇ ਨੇ ਕੁਝ ਹਫ਼ਤੇ ਪਹਿਲਾਂ ਵਿਦੇਸ਼ ਮੰਤਰਾਲੇ ਦੇ ਦਖਲ ਦੀ ਮੰਗ ਕੀਤੀ ਸੀ ਅਤੇ ਮੰਗਲਵਾਰ ਨੂੰ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਨੇ ਕਿਹਾ ਕਿ ਸਾਨੀਆ ਦੇ ਬੇਟੇ ਅਤੇ ਭੈਣ ਦੇ ਵੀਜ਼ਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

6 ਡਬਲਜ਼ ਦੀ ਗ੍ਰੈਂਡ ਸਲੈਮ ਜੇਤੂ 34 ਸਾਲਾ ਸਾਨੀਆ ਨੇ ਟਵਿਟਰ ਜ਼ਰੀਏ ਸਾਰਿਆਂ ਦਾ ਮਦਦ ਕਰਨ ਲਈ ਧੰਨਵਾਦ ਕੀਤਾ। ਸਾਨੀਆ ਨੇ ਟਵੀਟ ਕੀਤਾ, ‘‘ਮੈਂ ਖੇਡ ਮੰਤਰੀ ਕਿਰਨ ਰਿਜਿਜੂ ਸਰ, ਯੂ. ਏ. ਈ. ਅਤੇ ਬ੍ਰਿਟੇਨ ਵਿਚਲੇ ਭਾਰਤੀ ਦੂਤਘਰਾਂ, ਸਾਈ ਅਤੇ ਬ੍ਰਿਟਿਸ਼ ਸਰਕਾਰ ਦਾ ਆਪਣੇ ਬੇਟੇ ਇਜ਼ਹਾਨ ਅਤੇ ਭੈਣ ਅਨਮ ਨੂੰ ਵੀਜ਼ਾ ਦਿਵਾਉਣ ’ਚ ਮੇਰੀ ਮਦਦ ਕਰਨ ਲਈ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਸ ਕਾਰਨ ਇਹ ਮੇਰੇ ਨਾਲ ਟੂਰਨਾਮੈਂਟ ਲਈ ਯੂ. ਕੇ. ਦੀ ਯਾਤਰਾ ਕਰਨ ਦੇ ਯੋਗ ਹੋਣਗੇ। ਪ੍ਰਧਾਨ ਮੰਤਰੀ ਦਫਤਰ ਦਾ ਬਹੁਤ ਧੰਨਵਾਦ।’’ ਟੋਕੀਓ ਓਲੰਪਿਕ ਦੀਆਂ ਉਸ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਸਾਨੀਆ ਨੇ ਬਰਮਿੰਘਮ ਓਪਨ (14 ਜੂਨ ਤੋਂ), ਈਸਟਬਰਨ ਓਪਨ (20 ਜੂਨ ਤੋਂ) ਅਤੇ ਵਿੰਬਲਡਨ (28 ਜੂਨ ਤੋਂ) ’ਚ ਹਿੱਸਾ ਲੈਣਾ ਹੈ।

ਸਾਨੀਆ ਦੇ ਟਵੀਟ ਦਾ ਜਵਾਬ ਦਿੰਦਿਆਂ ਰਿਜਿਜੂ ਨੇ ਉਨ੍ਹਾਂ ਨੂੰ ਓਲੰਪਿਕ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਰਿਜਿਜੂ ਨੇ ਟਵੀਟ ਕੀਤਾ, ‘‘ਭਾਰਤ ਨੂੰ ਤੁਹਾਡੀਆਂ ਪ੍ਰਾਪਤੀਆਂ ’ਤੇ ਮਾਣ ਹੈ, ਜਿਵੇਂ ਕਿ ਤੁਸੀਂ ਆਗਾਮੀ ਓਲੰਪਿਕ ’ਚ ਦੁਬਾਰਾ ਭਾਰਤ ਦੀ ਅਗਵਾਈ ਕਰਨ ਲਈ ਤਿਆਰ ਹੋ, ਸਾਡੀਆਂ ਸ਼ੁੱਭਕਾਮਨਾਵਾਂ ਤੁਹਾਡੇ ਅਤੇ ਸਮੁੱਚੇ ਭਾਰਤੀ ਓਲੰਪਿਕ ਸਮੂਹ ਦੇ ਨਾਲ ਹਨ। ਸਾਨੀਆ, ਜੋ ਸਰਕਾਰ ਦੀ ‘ਟਾਰਗੈੱਟ ਓਲੰਪਿਕ ਪੋਡੀਅਮ ਸਕੀਮ’(ਟਾਪਸ) ਦਾ ਹਿੱਸਾ ਹਨ, ਨੂੰ ਵੀਜ਼ਾ ਮਿਲ ਗਿਆ ਸੀ ਪਰ ਭਾਰਤ ’ਚ ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਕਾਰਨ ਲਾਈਆਂ ਗਈਆਂ ਯਾਤਰਾ ਪਾਬੰਦੀਆਂ ਕਾਰਨ ਉਨ੍ਹਾਂ ਦੇ ਬੇਟੇ ਤੇ ਉਸ ਦੀ ਦੇਖਭਾਲ ਕਰਨ ਵਾਲੇ ਨੂੰ ਵੀਜ਼ਾ ਨਹੀਂ ਮਿਲਿਆ ਸੀ।


Manoj

Content Editor

Related News