ਅੱਤਵਾਦੀ ਹਮਲੇ ਨੂੰ ਯਾਦ ਕਰ ਕੰਬ ਗਏ ਸੰਗਾਕਾਰਾ, ਕਿਹਾ- ਇਸ ਵਿਅਕਤੀ ਨੇ ਬਚਾਈ ਸੀ ਜਾਨ
Friday, Jun 05, 2020 - 12:08 PM (IST)
ਸਪੋਰਟਸ ਡੈਸਕ : ਸ਼੍ਰੀਲੰਕਾਈ ਧਾਕੜ ਕ੍ਰਿਕਟਰ ਕੁਮਾਰ ਸੰਗਾਕਾਰਾ ਨੇ ਲਾਹੌਰ ਵਿਚ ਸ਼੍ਰੀਲੰਕਾ ਦੀ ਟੀਮ ਬੱਸ 'ਤੇ ਹੋਏ ਅੱਤਵਾਦੀ ਹਮਲੇ ਦੀ ਘਟਨਾ ਨੂੰ ਇਕ ਵਾਰ ਫਿਰ ਯਾਦ ਕੀਤਾ ਹੈ। 2009 ਵਿਚ ਸ਼੍ਰੀਲੰਕਾ ਟੀਮ ਲਾਹੌਰ ਦੇ ਗੱਦਾਫੀ ਸਟੇਡੀਅਮ ਵਿਚ ਪਾਕਿਸਤਾਨ ਖਿਲਾਫ ਟੈਸਟ ਮੈਚ ਖੇਡਣ ਜਾ ਰਹੀ ਸੀ, ਤਦ ਅੱਤਵਾਦੀਆਂ ਨੇ ਬੱਸ 'ਤੇ ਹਮਲਾ ਕਰ ਦਿੱਤਾ। ਸੰਗਾਕਾਰਾ ਉਸ ਸਮੇਂ ਟੀਮ ਦੇ ਕਪਤਾਨ ਸਨ। ਉਸ ਘਟਨਾ ਨੂੰ ਯਾਦ ਕਰਦਿਆਂ ਸੰਗਾਕਾਰਾ ਨੇ ਕਿਹਾ ਕਿ ਉਸ ਦੀ ਟੀਮ ਦਾ ਬੱਸ ਡ੍ਰਾਈਵਰ ਅਸਲ ਵਿਚ ਹੀਰੋ ਸੀ, ਜੋ ਬੱਸ ਨੂੰ ਉਸ ਜਗ੍ਹਾ 'ਚੋਂ ਬਾਹਰ ਕੱਢਣ 'ਚ ਸਫਲ ਰਿਹਾ ਸੀ। ਦਰਅਸਲ, ਬੱਸ ਨੂੰ ਮਿਹਰ ਮੁਹੰਮਦ ਖਲੀਲ ਨਾਂ ਦਾ ਡ੍ਰਾਈਵਰ ਚਲਾ ਰਿਹਾ ਸੀ। ਉਸ ਦੀ ਸਮਝਦਾਰੀ ਨੇ ਪੂਰੀ ਟੀਮ ਨੂੰ ਮੌਤ ਦੇ ਮੁੰਹ 'ਚੋਂ ਬਾਹਰ ਕੱਢਿਆ ਸੀ। ਉਹ ਭਾਰੀ ਗੋਲ਼ੀਬਾਰੀ ਵਿਚਾਲੇ ਬੱਸ ਨੂੰ ਲਗਾਤਾਰ ਚਲਾ ਕੇ ਸਟੇਡੀਅਮ ਤਕ ਪਹੁੰਚ ਗਿਆ।
ਸੰਗਾਕਾਰ ਨੇ ਸਪੋਰਟਸ ਚੈਨਲ ਨਾਲ ਗੱਲ ਕਰਦਿਆਂ ਕਿਹਾ ਕਿ ਅਸੀਂ ਉਸ ਸਮੇਂ ਪਾਕਿਸਤਾਨ ਗਏ ਸੀ, ਜਦੋਂ ਸੁਰੱਖਿਆ ਇਕ ਅਹਿਮ ਮੁੱਦਾ ਸੀ। ਅਸੀਂ ਸੁਰੱਖਿਆ 'ਤੇ ਆਪਣੀਆਂ ਪ੍ਰੇਸ਼ਾਨੀਆਂ ਦੇ ਬਾਰੇ ਲਿਖਿਆ ਸੀ ਅਤੇ ਕਿਹਾ ਸਿ ਕਿ ਜੇਕਰ ਕੁਝ ਹੁੰਦਾ ਹੈ ਤਾਂ ਖਿਡਾਰੀਆਂ ਦਾ ਬੀਮਾ ਹੋਣਾ ਚਾਹੀਦਾ ਹੈ। ਇਸ ਲਈ ਅਸੀਂ ਮਨ੍ਹਾ ਕਰ ਦਿੱਤਾ ਸੀ ਪਰ ਸਾਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਨੇ ਸੁਰੱਖਿਆ ਯਕੀਨੀ ਕਰਨ ਲਈ ਜ਼ਮੀਨੀ ਪੱਧਰ 'ਤੇ ਕੰਮ ਕੀਤੇ ਹਨ, ਇਸ ਲਈ ਅਸੀਂ ਉੱਥੇ ਗਏ ਸੀ। ਸੰਗਾਕਾਰਾ ਨੇ ਕਿਹਾ ਕਿ ਉਸ ਸਮੇਂ ਸਾਡੀ ਟੀਮ ਦੀ ਮਾਲਿਸ਼ ਕਰਨ ਵਾਲਾ ਵੀ ਸਾਹਮਣੇ ਹੀ ਬੈਠਾ ਸੀ। ਅਸੀਂ ਬੰਦੂਕ ਦੀ ਆਵਾਜ਼ ਸੁਣੀ ਤਾਂ ਉਸ ਨੇ ਸੋਚਿਆ ਕਿ ਪਟਾਕੇ ਦੀ ਆਵਾਜ਼ ਹੈ, ਬਾਅਦ ਵਿਚ ਉਸ ਨੇ ਕਿਹਾ ਕਿ ਸਾਰੇ ਝੁੱਕ ਜਾਓ ਇਹ ਫਾਇਰਿੰਗ ਦੀ ਆਵਾਜ਼ ਹੈ। ਦਿਲਸ਼ਾਨ ਵੀ ਸਾਹਮਣੇ ਸੀ। ਮੈਂ ਬੱਸ ਦੇ ਵਿਚਕਾਰ ਵਾਲੀ ਸੀਟ 'ਤੇ ਬੈਠਾ ਸੀ। ਮਹੇਲਾ ਜੈਵਰਧਨੇ ਤੇ ਮੁਰਲੀਧਰਨ ਸਾਡੇ ਠੀਕ ਪਿੱਛੇ ਸੀ। ਮੈਨੂੰ ਯਾਦ ਹੈ ਕਿ ਸਲਾਮੀ ਬੱਲੇਬਾਜ਼ ਧਰੰਗਾ ਪਰਨਵਿਤਾਨਾ ਸਾਹਮਣੇ ਸੀ।
ਸਾਬਕਾ ਕਪਤਾਨ ਨੇ ਕਿਹਾ ਕਿ ਅੱਤਵਾਦੀਆਂ ਨੇ ਕਈ ਵਾਰ ਬੱਸ 'ਤੇ ਫਾਇਰਿੰਗ ਕੀਤੀ, ਗ੍ਰੈਨੇਡ ਸੁੱਟੇ ਅਤੇ ਇਕ ਰਾਕੇਟ ਲਾਂਚਰ ਦਾ ਵੀ ਇਸਤੇਮਾਲ ਕੀਤਾ। ਮੈਨੂੰ ਨਹੀਂ ਪਤਾ, ਅਸੀਂ ਉਸ ਸਮੇਂ ਕਿਵੇਂ ਬੱਚ ਸਕੇ। ਇਸ ਹਮਲੇ ਵਿਚ ਥਿਲਨ (ਸਮਰਵੀਰਾ) ਨੂੰ ਸੱਟ ਲੱਗੀ ਸੀ, ਜਦਕਿ ਮੈਨੂੰ ਮੋਢੇ ਦੇ ਕੋਲ ਸੱਟ ਲੱਗੀ ਸੀ। ਪਰਨਵਿਤਾਨਾ ਚੀਖਿਆ ਕਿ ਉਸ ਨੂੰ ਗੋਲੀ ਲੱਗੀ ਤੇ ਉਸ ਦੀ ਛਾਤੀ 'ਚੋਂ ਖੂਨ ਵਹਿ ਰਿਹਾ ਸੀ।
ਡ੍ਰਾਈਵਰ ਨਿਕਲਿਆ ਹੀਰੋ
ਸੰਗਾਕਾਰਾ ਨੇ ਕਿਹਾ ਕਿ ਹਮਲਾ ਕਰਨ ਵਾਲਿਆਂ ਨੇ ਡ੍ਰਾਈਵਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਹਰ ਵਾਰ ਬੱਚ ਗਿਆ। ਉਹ ਹੀਰੋ ਸੀ, ਜਿਸ ਨੇ ਸਾਨੂੰ ਬਚਾਇਆ। ਉਹ ਸਿੱਧੇ ਬੱਸ ਨੂੰ ਸਟੇਡੀਅਮ ਲੈ ਗਿਆ ਅਤੇ ਫਿਰ ਸਾਨੂੰ ਉਤਾਰਿਆ। ਹਮਲੇ ਤੋਂ ਬਾਅਦ ਸ਼੍ਰੀਲੰਕਾਈ ਖਿਡਾਰੀਆਂ ਨੂੰ ਸਟੇਡੀਅਮ ਤੋਂ ਏਅਰਲਿਫਟ ਕਰ ਏਅਰਪੋਰਟ ਪਹੁੰਚਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਖਲੀਲ ਨੂੰ ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਸਨਮਾਨਿਤ ਵੀ ਕੀਤਾ ਸੀ।