ਬੈਡਮਿੰਟਨ ਖਿਡਾਰੀਆਂ ਨੂੰ 1.30 ਕਰੋੜ ਰੁਪਏ ਦਾ ਇਨਾਮ

05/06/2018 9:40:07 AM

ਨਵੀਂ ਦਿੱਲੀ (ਬਿਊਰੋ)— ਗੋਲਡ ਕੋਸਟ ਰਾਸ਼ਟਰ ਮੰਡਲ ਖੇਡਾਂ ਵਿਚ ਇਤਿਹਾਸਕ ਪ੍ਰਦਰਸ਼ਨ ਕਰਨ ਵਾਲੇ ਬੈਡਮਿੰਟਨ ਖਿਡਾਰੀਆਂ ਨੂੰ ਭਾਰਤੀ ਬੈਡਮਿੰਟਨ ਸੰਘ ਨੇ ਸ਼ਨੀਵਾਰ ਨੂੰ ਇਕ ਕਰੋੜ 30 ਲੱਖ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ। ਭਾਰਤੀ ਬੈਡਮਿੰਟਨ ਸੰਘ ਦੇ ਮੁਖੀ ਡਾ. ਹਿਮਾਂਤਾ ਬਿਸਵਾ ਸ਼ਰਮਾ ਤੇ ਭਾਰਤੀ ਓਲੰਪਿਕ ਸੰਘ ਦੇ ਮੁਖੀ ਡਾ. ਨਰਿੰਦਰ ਧਰੁਵ ਬੱਤਰਾ ਨੇ ਇੱਥੇ ਇਕ ਸਮਾਰੋਹ ਵਿਚ ਖਿਡਾਰੀਆਂ ਨੂੰ ਨਕਦ ਇਨਾਮ ਪ੍ਰਦਾਨ ਕੀਤੇ। ਇਸ ਮੌਕੇ 'ਤੇ ਭਾਰਤੀ ਬੈਡਮਿੰਟਨ ਟੀਮ ਦੇ ਲੱਗਭਗ ਸਾਰੇ ਖਿਡਾਰੀ ਮੌਜੂਦ ਸਨ। 

ਰਾਸ਼ਟਰਮੰਡਲ ਖੇਡਾਂ 'ਚ ਇਤਿਹਾਸਕ ਪ੍ਰਦਰਸ਼ਨ ਕਰ ਕੇ ਮਿਕਸਡ ਟੀਮ ਪ੍ਰਤੀਯੋਗਿਤਾ ਵਿਚ ਪਹਿਲੀ ਵਾਰ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਨੂੰ 50 ਲੱਖ ਰੁਪਏ ਦਿੱਤੇ ਗਏ। ਟੀਮ ਵਿਚ ਸ਼ਾਮਲ 10 ਮੈਂਬਰਾਂ ਨੂੰ 5-5 ਲੱਖ ਰੁਪਏ ਮਿਲਣਗੇ। ਮਹਿਲਾ ਸਿੰਗਲਜ਼ ਵਿਚ ਸੋਨ ਤਮਗਾ ਜਿੱਤਣ ਵਾਲੀ ਸਾਇਨਾ ਨੇਹਵਾਲ ਨੂੰ 20 ਲੱਖ ਰੁਪਏ ਦਿੱਤੇ ਗਏ, ਜਦਕਿ ਚਾਂਦੀ ਤਮਗਾ ਜਿੱਤਣ ਵਾਲੇ ਖਿਡਾਰੀਆਂ ਕਿਦਾਂਬੀ ਸ਼੍ਰੀਕਾਂਤ ਤੇ ਪੀ. ਵੀ. ਸਿੰਧੂ ਨੂੰ 10-10 ਲੱਖ ਰੁਪਏ ਦਿੱਤੇ ਗਏ। ਇਸ ਮੌਕੇ ਹੋਰਨਾਂ ਤਮਗਾ ਜੇਤੂਆਂ ਤੇ ਟੀਮ ਦੇ ਕੋਚਿੰਗ ਸਟਾਫ ਨੂੰ ਵੀ ਸਨਮਾਨਿਤ ਕੀਤਾ ਗਿਆ।


Related News