ਰਿਧੀਮਾਨ ਸਾਹਾ ਨੇ ਕਿਹਾ, ਮੈਂ ਨਹੀਂ ਦੱਸਾਂਗਾ ਧਮਕੀ ਭਰਿਆ ਸੰਦੇਸ਼ ਭੇਜਣ ਵਾਲੇ ਪੱਤਰਕਾਰ ਦਾ ਨਾਂ
Wednesday, Feb 23, 2022 - 02:35 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤ ਦੇ ਵਿਕਟਕੀਪਰ-ਬੱਲੇਬਾਜ਼ ਰਿਧੀਮਾਨ ਸਾਹਾ ਨੇ ਮੰਗਲਵਾਰ ਨੂੰ ਫ਼ੈਸਲਾ ਕੀਤਾ ਕਿ ਉਹ ਧਮਕੀ ਭਰਿਆ ਸੰਦੇਸ਼ ਭੇਜਣ ਵਾਲੇ ਪੱਤਰਕਾਰ ਦੀ ਪਛਾਣ ਉਜਾਗਰ ਨਹੀਂ ਕਰਨਗੇ। ਸਾਹਾ ਨੇ ਮੰਗਲਵਾਰ ਨੂੰ ਸਿਲਸਿਲੇਵਾਰ ਟਵੀਟ ਵਿਚ ਕਿਹਾ ਕਿ ਉਹ 'ਮਨੁੱਖਤਾ' ਦੇ ਆਧਾਰ 'ਤੇ ਪੱਤਰਕਾਰ ਦੇ ਨਾਮ ਦਾ ਖ਼ੁਲਾਸਾ ਨਹੀਂ ਕਰਨਗੇ।
ਉਨ੍ਹਾਂ ਕਿਹਾ, 'ਮੈਂ ਇਸ ਤੋਂ ਦੁਖੀ ਅਤੇ ਪਰੇਸ਼ਾਨ ਸੀ। ਮੈਂ ਸੋਚਿਆ ਕਿ ਇਸ ਤਰ੍ਹਾਂ ਦੇ ਵਤੀਰੇ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ ਅਤੇ ਮੈਂ ਨਹੀਂ ਚਾਹੁੰਦਾ ਸੀ ਕਿ ਕੋਈ ਵੀ ਇਸ ਤਰ੍ਹਾਂ ਦੀ ਧਮਕੀ ਦਾ ਸਾਹਮਣਾ ਕਰੇ। ਮੈਂ ਫ਼ੈਸਲਾ ਕੀਤਾ ਕਿ ਮੈਂ ਲੋਕਾਂ ਦੇ ਸਾਹਮਣੇ ਚੈਟ ਦਾ ਖ਼ੁਲਾਸਾ ਕਰਾਂਗਾ, ਪਰ ਉਸ ਦਾ ਨਾਮ ਜ਼ਾਹਰ ਨਹੀਂ ਕਰਾਂਗਾ।' ਉਨ੍ਹਾਂ ਕਿਹਾ, 'ਮੇਰਾ ਸੁਭਾਅ ਅਜਿਹਾ ਨਹੀਂ ਹੈ ਕਿ ਮੈਂ ਕਿਸੇ ਦਾ ਕਰੀਅਰ ਖ਼ਤਮ ਕਰਨ ਦੀ ਹੱਦ ਤੱਕ ਕਿਸੇ ਨੂੰ ਨੁਕਸਾਨ ਪਹੁੰਚਾਵਾਂਗਾ। ਇਸ ਲਈ ਮਨੁੱਖਤਾ ਦੇ ਆਧਾਰ 'ਤੇ ਉਨ੍ਹਾਂ ਦੇ ਪਰਿਵਾਰ ਨੂੰ ਦੇਖਦੇ ਹੋਏ, ਮੈਂ ਫਿਲਹਾਲ ਨਾਮ ਉਜਾਗਰ ਨਹੀਂ ਕਰ ਰਿਹਾ ਹਾਂ। ਪਰ ਜੇਕਰ ਅਜਿਹਾ ਕੁੱਝ ਦੁਬਾਰਾ ਹੁੰਦਾ ਹੈ ਤਾਂ ਮੈਂ ਪਿੱਛੇ ਨਹੀਂ ਹਟਾਂਗਾ।'
ਉਨ੍ਹਾਂ ਕਿਹਾ, 'ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰਾ ਸਮਰਥਨ ਕੀਤਾ ਅਤੇ ਇਸ ਮਾਮਲੇ 'ਚ ਮਦਦ ਕਰਨ ਦੀ ਇੱਛਾ ਪ੍ਰਗਟਾਈ।' ਸਾਹਾ ਨੂੰ ਸ਼੍ਰੀਲੰਕਾ ਦੇ ਖ਼ਿਲਾਫ਼ ਘਰੇਲੂ ਸੀਰੀਜ਼ (ਟੈਸਟ) ਲਈ ਟੀਮ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਭਵਿੱਖ ਵਿਚ ਚੋਣ ਲਈ ਉਨ੍ਹਾਂ ਦੇ ਨਾਮ 'ਤੇ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਨਹੀਂ ਹੈ। ਭਾਰਤੀ ਟੀਮ ਪ੍ਰਬੰਧਨ ਇਕ ਨੌਜਵਾਨ ਖਿਡਾਰੀ ਨੂੰ ਬੈਕਅੱਪ ਵਿਕਟਕੀਪਰ ਵਜੋਂ ਤਿਆਰ ਕਰਨਾ ਚਾਹੁੰਦਾ ਹੈ। ਭਾਰਤੀ ਕ੍ਰਿਕਟਰ ਸੰਘ ਨੇ ਸਾਹਾ ਨੂੰ ਭੇਜੇ ਧਮਕੀ ਭਰੇ ਸੰਦੇਸ਼ ਦੀ ਨਿੰਦਾ ਕੀਤੀ ਹੈ। ਬੀ.ਸੀ.ਸੀ.ਆਈ. ਨੇ ਸੋਮਵਾਰ ਨੂੰ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰੇਗਾ। 37 ਸਾਲਾ ਵਿਕਟਕੀਪਰ ਨੇ 2010 'ਚ ਡੈਬਿਊ ਕਰਨ ਤੋਂ ਬਾਅਦ 40 ਟੈਸਟ ਮੈਚ ਖੇਡੇ ਹਨ।