ਕੋਕੋ ਗਾਫ ਨੂੰ ਹਰਾ ਕੇ ਸਬਾਲੇਂਕਾ ਆਸਟ੍ਰੇਲੀਅਨ ਓਪਨ ਦੇ ਫਾਈਨਲ ’ਚ

Thursday, Jan 25, 2024 - 07:20 PM (IST)

ਕੋਕੋ ਗਾਫ ਨੂੰ ਹਰਾ ਕੇ ਸਬਾਲੇਂਕਾ ਆਸਟ੍ਰੇਲੀਅਨ ਓਪਨ ਦੇ ਫਾਈਨਲ ’ਚ

ਮੈਲਬੋਰਨ-  ਮੌਜੂਦਾ ਚੈਂਪੀਅਨ ਏਰੀਨਾ ਸਬਾਲੇਂਕਾ ਨੇ ਕੋਕੋ ਗਾਫ ਨੂੰ ਹਰਾ ਕੇ ਅਮਰੀਕੀ ਓਪਨ ਫਾਈਨਲ ’ਚ ਹਾਰ ਦਾ ਬਦਲਾ ਲੈ ਲਿਆ ਅਤੇ ਸੇਰੇਨਾ ਵਿਲੀਅਮਜ਼ ਤੋਂ ਬਾਅਦ ਲਗਾਤਾਰ 2 ਵਾਰ ਆਸਟ੍ਰੇਲੀਅਨ ਓਪਨ ਦੇ ਫਾਈਨਲ ’ਚ ਪਹੁੰਚਣ ਵਾਲੀ ਪਹਿਲੀ ਮਹਿਲਾ ਖਿਡਾਰਨ ਬਣੀ। ਸਬਾਲੇਂਕਾ ਨੇ ਸੈਮੀਫਾਈਨਲ ’ਚ ਗਾਫ ਨੂੰ 7-6, 6-4 ਨਾਲ ਹਰਾਇਆ।

ਸ਼ਨੀਵਾਰ ਨੂੰ ਹੋਣ ਵਾਲੇ ਫਾਈਨਲ ’ਚ ਸਬਾਲੇਂਕਾ ਦਾ ਸਾਹਮਣਾ ਝੇਂਗ ਕਿਨਵੇਨ ਅਤੇ ਡਾਇਨਾ ਯਾਸਟਰੇਮਸਕਾ ਵਿਚਕਾਰ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ। ਪਿਛਲੇ ਸਾਲ ਇੱਥੇ ਖਿਤਾਬ ਜਿੱਤਣ ਵਾਲੀ ਸਬਾਲੇਂਕਾ ਮੈਲਬੋਰਨ ਪਾਰਕ ’ਚ ਲਗਾਤਾਰ 13 ਮੈਚ ਜਿੱਤ ਚੁੱਕੀ ਹੈ। ਸੇਰੇਨਾ ਨੇ 2015, 2016 ਅਤੇ 2017 ’ਚ ਲਗਾਤਾਰ 3 ਸਾਲ ਆਸਟ੍ਰੇਲੀਆਈ ਓਪਨ ਦੇ ਫਾਈਨਲ ’ਚ ਥਾਂ ਬਣਾਈ ਸੀ। ਸੈਮੀਫਾਈਨਲ ’ਚ ਸਬਾਲੇਂਕਾ ਖਿਲਾਫ ਹਾਰ ਗਾਫ ਦੀ 2024 ਦੀ ਪਹਿਲੀ ਹਾਰ ਹੈ।

ਇਸ ਤੋਂ ਪਹਿਲਾਂ ਉਸ ਨੇ ਨਿਊਜ਼ੀਲੈਂਡ ਦੇ ਆਕਲੈਂਡ ’ਚ ਖਿਤਾਬ ਜਿੱਤਿਆ ਸੀ। ਅਮਰੀਕਾ 19 ਸਾਲਾ ਗਾਫ ਲਗਾਤਾਰ 12 ਮੈਚ ਜਿੱਤ ਚੁੱਕੀ ਸੀ ਅਤੇ ਉਸ ਦੀਆਂ ਨਜ਼ਰਾਂ 2020-21 ’ਚ ਨਾਓਮੀ ਓਸਾਕਾ ਤੋਂ ਬਾਅਦ ਅਮਰੀਕੀ ਓਪਨ ਅਤੇ ਆਸਟ੍ਰੇਲੀਆਈ ਓਪਨ ਦੇ ਲਗਾਤਾਰ ਖਿਤਾਬ ਜਿੱਤਣ ਵਾਲੀ ਪਹਿਲੀ ਖਿਡਾਰਨ ਬਣਨ ਦੀ ਕੋਸ਼ਿਸ਼ ਕਰ ਰਹੀ ਸੀ। ਗਾਫ ਨੇ ਪਿਛਲੇ ਸਾਲ ਸਤੰਬਰ ’ਚ ਨਿਊਯਾਰਕ ’ਚ ਸਬਾਲੇਂਕਾ ਨੂੰ ਹਰਾਇਆ ਸੀ ਪਰ ਮੈਲਬੋਰਨ ਪਾਰਕ ’ਚ ਬੇਲਾਰੂਸ ਦੀ ਖਿਡਾਰਨ ਦਾ ਕੋਈ ਜਵਾਬ ਨਹੀਂ ਸੀ।


author

Tarsem Singh

Content Editor

Related News