T20 WC : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 104 ਦੌੜਾਂ ਨਾਲ ਹਰਾਇਆ

Thursday, Oct 27, 2022 - 10:13 AM (IST)

T20 WC : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 104 ਦੌੜਾਂ ਨਾਲ ਹਰਾਇਆ

ਸਿਡਨੀ- ਐਨਰਿਕ ਨੌਰਕੀਆ (10/4) ਅਤੇ ਸ਼ਮਸੀ (20/3) ਦੀ ਘਾਤਕ ਗੇਂਦਬਾਜ਼ੀ ਤੇ ਰਿਲੇ ਰੂਸੋ (109) ਦੇ ਧਮਾਕੇਦਾਰ ਸੈਂਕੜੇ ਦੀ ਬਦੌਲਤ ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ ਵੀਰਵਾਰ ਨੂੰ ਆਈਸੀਸੀ ਟੀ-20 ਵਿਸ਼ਵ ਕੱਪ 2022 ਦੇ ਮੈਚ 'ਚ 104 ਦੌੜਾਂ ਨਾਲ ਹਰਾ ਦਿੱਤਾ। ਦੱਖਣੀ ਅਫਰੀਕਾ ਨੇ ਸੁਪਰ-12 ਪੜਾਅ ਦੇ ਮੈਚ ਵਿੱਚ ਬੰਗਲਾਦੇਸ਼ ਨੂੰ 206 ਦੌੜਾਂ ਦਾ ਟੀਚਾ ਦਿੱਤਾ ਹੈ। ਜਵਾਬ 'ਚ ਬੰਗਲਾਦੇਸ਼ ਦੀ ਟੀਮ 16.3 ਓਵਰਾਂ 'ਚ 101 ਦੌੜਾਂ 'ਤੇ ਆਊਟ ਹੋ ਗਈ। ਰੂਸੋ ਨੇ ਕਵਿੰਟਨ ਡੀ ਕਾਕ (63) ਦੇ ਨਾਲ 168 ਦੌੜਾਂ ਦੀ ਵੱਡੀ ਸਾਂਝੇਦਾਰੀ ਕੀਤੀ, ਜਿਸ ਕਾਰਨ ਦੱਖਣੀ ਅਫਰੀਕਾ ਟੀ-20 ਵਿਸ਼ਵ ਕੱਪ 2022 ਦਾ ਸਭ ਤੋਂ ਵੱਡਾ ਸਕੋਰ ਬਣਾ ਸਕਿਆ। 

ਨੌਰਕੀਆ ਨੇ ਸਿਰਫ਼ 10 ਦੌੜਾਂ ਦੇ ਕੇ ਚਾਰ ਵਿਕਟਾਂ ਲੈ ਕੇ ਪ੍ਰੋਟੀਜ਼ ਦੀ ਜਿੱਤ 'ਤੇ ਮੋਹਰ ਲਗਾਈ। ਇਸ ਤੋਂ ਇਲਾਵਾ ਤਬਰੇਜ਼ ਸ਼ਮਸੀ ਨੇ ਤਿੰਨ ਜਦਕਿ ਕਾਗਿਸੋ ਰਬਾਡਾ ਅਤੇ ਕੇਸ਼ਵ ਮਹਾਰਾਜ ਨੇ ਇਕ-ਇਕ ਵਿਕਟ ਲਈ। ਦੱਖਣੀ ਅਫ਼ਰੀਕਾ ਦਾ ਪਹਿਲਾ ਮੈਚ ਮੀਂਹ ਨਾਲ ਬਰਬਾਦ ਹੋਣ ਤੋਂ ਬਾਅਦ, ਇਸ ਵੱਡੀ ਜਿੱਤ ਨਾਲ ਉਨ੍ਹਾਂ ਦੀ ਨੈੱਟ ਰਨ ਰੇਟ ਵਿੱਚ ਕਾਫ਼ੀ ਵਾਧਾ ਹੋਵੇਗਾ। ਬੰਗਲਾਦੇਸ਼ ਦੇ ਲਈ ਟੀਚੇ ਦਾ ਪਿੱਛਾ ਕਰਨ ਉਤਰੇ ਸੌਮਿਆ ਸਰਕਾਰ (15) ਨੇ ਪਹਿਲੇ ਓਵਰ ਵਿੱਚ ਦੋ ਛੱਕੇ ਜੜੇ ਪਰ ਇਸ ਤੋਂ ਬਾਅਦ ਟਾਈਗਰਜ਼ ਵੱਲੋਂ ਕੋਈ ਫਾਇਰ ਨਹੀਂ ਕੀਤਾ ਗਿਆ। ਦੱਖਣੀ ਅਫਰੀਕਾ ਨੇ ਸਖਤ ਗੇਂਦਬਾਜ਼ੀ ਕੀਤੀ ਅਤੇ ਨਿਯਮਤ ਅੰਤਰਾਲ 'ਤੇ ਵਿਕਟਾਂ ਲਈਆਂ। ਬੰਗਲਾਦੇਸ਼ ਦੇ ਅੱਠ ਬੱਲੇਬਾਜ਼ ਦਹਾਈ ਦੇ ਅੰਕੜੇ ਨੂੰ ਛੂਹਣ 'ਚ ਨਾਕਾਮ ਰਹੇ। ਸਿੱਟੇ ਵਜੋਂ ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਦੇ ਖਿਲਾਫ਼ ਜਿੱਤ ਦਰਜ ਕੀਤੀ।

ਦੋਵਾਂ ਟੀਮਾਂ ਦੀ ਪਲੇਇੰਗ-11
ਬੰਗਲਾਦੇਸ਼- ਨਜਮੁਲ ਹੁਸੈਨ ਸ਼ਾਂਤੋ, ਸੌਮਿਆ ਸਰਕਾਰ, ਲਿਟਨ ਦਾਸ (ਵਿਕਟਕੀਪਰ), ਸ਼ਾਕਿਬ ਅਲ ਹਸਨ (ਕਪਤਾਨ), ਆਫੀਫ ਹੁਸੈਨ, ਮਹਿੰਦੀ ਹਸਨ ਮਿਰਾਜ, ਨੂਰੁਲ ਹਸਨ, ਮੋਸਾਦਕ ਹੁਸੈਨ, ਤਸਕੀਨ ਅਹਿਮਦ, ਹਸਨ ਮਹਿਮੂਦ, ਮੁਸਤਫਿਜ਼ੁਰ ਰਹਿਮਾਨ।

ਦੱਖਣੀ ਅਫਰੀਕਾ- ਕਵਿੰਟਨ ਡਿਕਾਕ (ਵਿਕਟਕੀਪਰ), ਤੇਮਬਾ ਬਾਵੁਮਾ (ਕਪਤਾਨ), ਰਿਲੇ ਰਾਸੋ, ਏਡੇਨ ਮਾਰਕਰਮ, ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਵੇਨ ਪਾਰਨੇਲ, ਕੇਸ਼ਵ ਮਹਾਰਾਜ, ਕਾਗਿਸੋ ਰਬਾਦਾ, ਐਨਰਿਕ ਨਾਰਟਜੇ, ਤਬਰੇਜ਼ ਸ਼ਮਸੀ।


author

Aarti dhillon

Content Editor

Related News