ਰੂਸ ਤੇ ਬੇਲਾਰੂਸ ਨੂੰ ਕੌਮਾਂਤਰੀ ਜਿਮਨਾਸਟਿਕ ਤੋਂ ਕੀਤਾ ਗਿਆ ਬੈਨ
Saturday, Mar 05, 2022 - 07:17 PM (IST)
ਲੁਸਾਨੇ- ਕੌਮਾਂਤਰੀ ਜਿਮਨਾਸਟਿਕ ਮਹਾਸੰਘ (ਐੱਫ. ਆਈ. ਜੀ.) ਨੇ ਯੂਕ੍ਰੇਨ-ਰੂਸ ਜੰਗ ਦਰਮਿਆਨ ਰੂਸੀ ਤੇ ਬੇਲਾਰੂਸੀ ਐਥਲੀਟਾਂ ਤੇ ਅਧਿਕਾਰੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਐੱਫ. ਆਈ. ਜੀ. ਦੀ ਕਾਰਜਕਾਰੀ ਕਮੇਟੀ (ਈ. ਸੀ.) ਨੇ ਸ਼ਨੀਵਾਰ ਨੂੰ ਐਮਰਜੈਂਸੀ ਮੀਟਿੰਗ 'ਚ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੀਆਂ ਸਿਫ਼ਾਰਸ਼ਾਂ, ਐੱਫ. ਆਈ. ਜੀ. ਐਥਲੀਟ ਕਮਿਸ਼ਨ ਦੇ ਰੁਖ਼ ਤੇ ਕਈ ਰਾਸ਼ਟਰੀ ਜਿਮਨਾਸਟਿਕ ਮਹਾਸੰਘਾਂ ਵਲੋਂ ਪ੍ਰਗਟਾਈਆਂ ਚਿੰਤਾਵਾਂ ਨੂੰ ਧਿਆਨ 'ਚ ਰਖਦੇ ਹੋਏ ਇਹ ਫ਼ੈਸਲਾ ਕੀਤਾ ਗਿਆ ਹੈ।
ਐੱਫ. ਆਈ. ਜੀ. ਨੇ ਇਕ ਬਿਆਨ 'ਚ ਕਿਹਾ, 'ਜੱਜਾਂ ਸਮੇਤ ਰੂਸੀ ਤੇ ਬੇਲਾਰੂਸੀ ਐਥਲੀਟਾਂ ਤੇ ਅਧਿਕਾਰੀਆਂ ਨੂੰ 7 ਮਾਰਚ 2022 ਤੋਂ ਅਗਲੀ ਸੂਚਨਾ ਤਕ ਐੱਫ ਆਈ. ਜੀ. ਪ੍ਰਤੀਯੋਗਿਤਾਵਾਂ ਜਾਂ ਐੱਫ. ਆਈ. ਜੀ.-ਮਨਜ਼ੂਰਸ਼ੁਦਾ ਪ੍ਰਤੀਯੋਗਿਤਾਵਾਂ 'ਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਦਾ ਮਤਲਬ ਹੈ ਕਿ ਇਨ੍ਹਾਂ ਦੋਵੇਂ ਦੇਸ਼ਾਂ ਦੇ ਐਥਲੀਟ ਤੇ ਅਧਿਕਾਰੀ 10 ਤੋਂ 13 ਮਾਰਚ ਤਕ ਅਜਰਬੈਜਾਨ ਦੇ ਬਾਕੂ 'ਚ ਐਕ੍ਰੋਬੈਟਿਕ ਜਿਮਨਾਸਟ ਵਿਸ਼ਵ ਚੈਂਪੀਅਨਸ਼ਿਪ 'ਚ ਹਿੱਸਾ ਨਹੀਂ ਲੈਣਗੇ।
ਐੱਫ. ਆਈ. ਜੀ. ਨੇ ਕਿਹਾ ਕਿ ਅਸੀਂ ਇਸ ਗੱਲ 'ਤੇ ਜ਼ੋਰ ਦੇਣਾ ਚਾਹਾਂਗੇ ਕਿ ਇਨ੍ਹਾਂ ਅਸਧਾਰਨ ਤੇ ਹੰਗਾਮੀ ਉਪਾਵਾਂ ਨੂੰ ਜੰਗ ਕਾਰਨ ਬਣੀਆਂ ਅਸਧਾਰਨ ਪਰਿਸਥਿਤੀਆਂ ਦੇ ਮੱਦੇਨਜ਼ਰ ਤੈਅ ਤੇ ਜਾਰੀ ਕੀਤਾ ਗਿਆ ਹੈ। ਅਸੀਂ ਜਿਮਨਾਸਿਟਕ ਦੀ ਅਖੰਡਤਾ, ਮੈਂਬਰਾਂ ਦੇ ਸਾਰੇ ਐਥਲੀਟਾਂ ਤੇ ਪ੍ਰਤੀਭਾਗੀਆਂ ਦੀ ਸੁਰੱਖਿਆ ਤੇ ਅਖੰਡਤਾ ਨੂੰ ਬਣਾਏ ਰੱਖਣ ਤੇ ਸਾਰੀਆਂ ਤਰ੍ਹਾਂ ਦੀਆਂ ਹਿੰਸਾ ਤੇ ਖੇਡ ਅਨਿਆਂ ਦੇ ਖ਼ਿਲਾਫ਼ ਲੜਨ ਦੇ ਉਦੇਸ਼ ਨਾਲ ਨਿਵਾਰਕ ਉਪਾਅ ਦਾ ਗਠਨ ਕਰਦੇ ਹਾਂ।
ਐੱਫ. ਆਈ. ਜੀ. ਦੇ ਇਸ ਫ਼ੈਸਲੇ ਨਾਲ ਹਾਲਾਂਕਿ ਰੂਸੀ ਤੇ ਬੇਲਾਰੂਸੀ ਨਾਗਰਿਕ, ਜੋ ਐੱਫ. ਆਈ. ਜੀ. ਕਾਰਜਕਾਰੀ ਕਮੇਟੀ ਜਾਂ ਐੱਫ. ਆਈ. ਜੀ. ਦੀ ਤਕਨੀਕੀ ਕਮੇਟੀਆਂ ਦੇ ਮੈਂਬਰ ਹਨ, ਇਸ ਉਪਾਅ ਨਾਲ ਪ੍ਰਭਾਵਿਤ ਨਹੀਂ ਹੋਏ ਹਨ। ਉਹ ਐੱਫ. ਆਈ. ਜੀ. ਅਧਿਕਾਰੀਆਂ ਦੇ ਤੌਰ 'ਤੇ ਆਪਣੀ ਸਮਰਥਾਵਾਂ 'ਚ ਕੰਮ ਕਰਦੇ ਰਹਿਣਗੇ।