ਨਿਸ਼ਾਨੇਬਾਜ਼ੀ ਲਈ ਨਿਰਾਸ਼ਾਜਨਕ ਰਿਹਾ ਸਾਲ 2022 ਪਰ ਰੂਦ੍ਰਾਕਸ਼ ਪਾਟਿਲ ਚਮਕਿਆ
Friday, Dec 23, 2022 - 10:00 AM (IST)
ਨਵੀਂ ਦਿੱਲੀ (ਭਾਸ਼ਾ)- ਭਾਰਤੀ ਨਿਸ਼ਾਨੇਬਾਜ਼ਾਂ ਲਈ ਸਾਲ 2022 ਨਿਰਾਸ਼ਾਜਨਕ ਰਿਹਾ ਪਰ ਰਾਈਫਲ ਨਿਸ਼ਾਨੇਬਾਜ਼ ਰੂਦ੍ਰਾਕਸ਼ ਪਾਟਿਲ ਨੇ ਸਫਲਤਾ ਦੀ ਨਵੀਂ ਇਬਾਦਤ ਲਿਖੀ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ ਆਯੋਜਕਾਂ ਨੇ ਵੀ ਇਸ ਵਾਰ ਇਨ੍ਹਾਂ ਖੇਡਾਂ ’ਚ ਨਿਸ਼ਾਨੇਬਾਜ਼ੀ ਨੂੰ ਸ਼ਾਮਿਲ ਨਹੀਂ ਕੀਤਾ। 10 ਮੀਟਰ ਏਅਰ ਰਾਈਫਲ ’ਚ ਚੁਣੌਤੀ ਪੇਸ਼ ਕਰਨ ਵਾਲਾ ਰੂਦ੍ਰਾਕਸ਼ ਕਾਹਿਰਾ ’ਚ ਟਾਪ ਨਿਸ਼ਾਨੇਬਾਜ਼ਾਂ ਨੂੰ ਪਛਾੜਦੇ ਹੋਏ ਵਿਸ਼ਵ ਚੈਂਪੀਅਨ ਬਣਿਆ ਅਤੇ ਨਾਲ ਹੀ ਪੈਰਿਸ ਓਲੰਪਿਕ-2024 ਦਾ ਕੋਟਾ ਵੀ ਹਾਸਲ ਕੀਤਾ। ਰੂਦ੍ਰਾਕਸ਼ ਦੀਆਂ ਨਜ਼ਰਾਂ ਹੁਣ ਓਲੰਪਿਕ ’ਚ 2008 ਬੀਜਿੰਗ ਓਲੰਪਿਕ ਚੈਂਪੀਅਨ ਅਭਿਨਵ ਬਿੰਦਰਾ ਦੀ ਉਪਲੱਬਧੀ ਦੀ ਬਰਾਬਰੀ ਕਰਨ ’ਤੇ ਟਿਕੀਆਂ ਹਨ, ਜੋ ਭਾਰਤ ਦਾ ਇਕੋ-ਇਕ ਓਲੰਪਿਕ ਸੋਨ ਤਮਗਾ ਜੇਤੂ ਨਿਸ਼ਾਨੇਬਾਜ਼ ਹੈ।
ਭਾਰਤੀ ਨਿਸ਼ਾਨੇਬਾਜ਼ੀ ’ਚ ਪਿਛਲੇ ਕੁਝ ਸਾਲਾਂ ’ਚ ਲਗਾਤਾਰ ਨੌਜਵਾਨ ਨਿਸ਼ਾਨੇਬਾਜ਼ ਸਾਹਮਣੇ ਆਏ ਹਨ ਅਤੇ 2022 ਵੀ ਇਸ ਤੋਂ ਅਲੱਗ ਨਹੀਂ ਰਿਹਾ। ਰੂਦ੍ਰਾਕਸ਼ ਤੋਂ ਇਲਾਵਾ ਟ੍ਰੈਪ ਨਿਸ਼ਾਨੇਬਾਜ਼ ਭਵਨੀਸ਼ ਮਹਿੰਦੀਰੱਤਾ ਅਤੇ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ’ਚ ਸਵਪਨਿਲ ਕੁਸਾਲੇ ਪੈਰਿਸ ਓਲੰਪਿਕ ਕੋਟਾ ਹਾਸਲ ਕਰਨ ’ਚ ਸਫਲ ਰਿਹਾ। ਕੁਝ ਦਿਨ ਪਹਿਲਾਂ 19 ਸਾਲ ਦੇ ਹੋਏ ਠਾਣੇ ਦੇ ਰੂਦ੍ਰਾਕਸ਼ ਨੇ ਬਿੰਦਰਾ ਦੀ ਤਰ੍ਹਾਂ ਓਲੰਪਿਕ ਗੋਲਡ ਨੂੰ ਆਪਣਾ ਟੀਚਾ ਬਣਾ ਲਿਆ ਹੈ। ਆਈ. ਪੀ. ਐੱਸ. ਅਧਿਕਾਰੀ ਦੇ ਬੇਟੇ ਰੂਦ੍ਰਾਕਸ਼ ਨੇ ਘਰੇਲੂ ਟੂਰਨਾਮੈਂਟਾਂ ’ਚ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਪਰ ਕਾਹਿਰਾ ’ਚ ਵਿਸ਼ਵ ਚੈਂਪੀਅਨਸ਼ਿਪ ’ਚ ਸੋਨ ਤਮਗੇ ਦੀ ਉਮੀਦ ਉਸ ਤੋਂ ਜ਼ਿਆਦਾ ਲੋਕਾਂ ਨੇ ਨਹੀਂ ਕੀਤੀ ਹੋਵੇਗੀ।
ਰੂਦ੍ਰਾਕਸ਼ ਦੇ ਪਰਿਵਾਰ ਨੂੰ ਹਾਲਾਂਕਿ ਉਸ ਦੀ ਸਮਰੱਥਾ ’ਤੇ ਪੂਰਾ ਭਰੋਸਾ ਸੀ। ਇਸ ਨੌਜਵਾਨ ਨਿਸ਼ਾਨੇਬਾਜ਼ ਨੇ ਇਟਲੀ ਦੇ ਡੇਨਿਲੋ ਡੇਨਿਸ ਸੋਲਾਜੋ ਨੂੰ ਪਛਾੜ ਕੇ ਸੋਨ ਤਮਗਾ ਜਿੱਤਿਆ ਅਤੇ ਏਅਰ ਰਾਈਫਲ ’ਚ ਇਹ ਉਪਲੱਬਧੀ ਹਾਸਲ ਕਰਨ ਵਾਲਾ ਬਿੰਦਰਾ ਤੋਂ ਬਾਅਦ ਸਿਰਫ ਦੂਜਾ ਭਾਰਤੀ ਬਣਿਆ। ਉਹ ਬਿੰਦਰਾ, ਤੇਜਸਵਿਨੀ ਸਾਵੰਤ, ਮਾਨਵਜੀਤ ਸਿੰਘ ਸੰਧੂ, ਓਮ ਪ੍ਰਕਾਸ਼ ਮਿਠਰਵਾਲ ਅਤੇ ਅੰਕੁਰ ਮਿੱਤਲ ਤੋਂ ਬਾਅਦ ਭਾਰਤ ਦਾ ਸਿਰਫ਼ 6ਵਾਂ ਵਿਸ਼ਵ ਚੈਂਪੀਅਨ ਨਿਸ਼ਾਨੇਬਾਜ਼ ਹੈ। ਅਗਲੇ ਸਾਲ ਹਾਂਗਝੋਓ ’ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਅਤੇ ਕਈ ਹੋਰ ਅੰਤਰਰਾਸ਼ਟਰੀ ਪ੍ਰਤੀਯੋਗਿਤਾਵਾਂ ਨਾਲ ਰੂਦ੍ਰਾਕਸ਼ ਹੀ ਨਹੀਂ, ਬਲਕਿ ਯੁਵਾ ਮਹਿੰਦੀਰੱਤਾ ਅਤੇ ਤਜ਼ੁਰਬੇਕਾਰ ਕੁਸਾਲੇ ਨੂੰ ਵੀ ਓਲੰਪਿਕ ਤੋਂ ਪਹਿਲਾਂ ਆਪਣੇ ਹੁਨਰ ਨੂੰ ਨਿਖਾਰਨ ਦਾ ਮੌਕਾ ਮਿਲੇਗਾ। ਰੂਦ੍ਰਾਕਸ਼ ਵਰਗੇ ਨੌਜਵਾਨਾਂ ਤੋਂ ਇਲਾਵਾ ਭਾਰਤ ਕੋਲ ਨਿਸ਼ਾਨੇਬਾਜ਼ ਮੇਰਾਜ ਅਹਿਮਦ ਖਾਨ ਦੀ ਤਰ੍ਹਾਂ ਤਜ਼ੁਰਬੇਕਾਰ ਨਿਸ਼ਾਨੇਬਾਜ਼ ਵੀ ਹਨ, ਜਿਨ੍ਹਾਂ ਕੋਲ ਓਲੰਪਿਕ ਤਮਗਾ ਹਾਸਲ ਕਰਨ ਦਾ ਸੰਭਾਵਿਤ ਆਖਰੀ ਮੌਕਾ ਹੋਵੇਗਾ।