IPL 2019 : ਬੈਂਗਲੁਰੂ ਨੇ ਹੈਦਰਾਬਾਦ ਨੂੰ 4 ਵਿਕਟਾਂ ਨਾਲ ਹਰਾਇਆ

Sunday, May 05, 2019 - 12:52 AM (IST)

IPL 2019 : ਬੈਂਗਲੁਰੂ ਨੇ ਹੈਦਰਾਬਾਦ ਨੂੰ 4 ਵਿਕਟਾਂ ਨਾਲ ਹਰਾਇਆ

ਬੈਂਗਲੁਰੂ— ਸ਼ਿਮਰੋਨ ਹੈੱਟਮਾਇਰ (75) ਤੇ ਗੁਰਕੀਰਤ ਸਿੰਘ ਮਾਨ (65) ਦੇ ਸ਼ਾਨਦਾਰ ਅਰਧ ਸੈਂਕੜਿਆਂ ਅਤੇ ਉਨ੍ਹਾਂ ਵਿਚਾਲੇ ਚੌਥੀ ਵਿਕਟ ਲਈ 144 ਦੌੜਾਂ ਦੀ ਜ਼ਬਰਦਸਤ ਸਾਂਝੇਦਾਰੀ ਦੀ ਬਦੌਲਤ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਸ਼ਨੀਵਾਰ ਨੂੰ 4 ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ.-12 ਵਿਚ ਆਪਣੀ ਮੁਹਿੰਮ ਜਿੱਤ  ਨਾਲ ਖਤਮ ਕੀਤੀ, ਜਦਕਿ ਇਸ ਹਾਰ ਨਾਲ ਹੈਦਰਾਬਾਦ ਦੀ ਟੀਮ ਸੰਕਟ ਵਿਚ ਪੈ ਗਈ ਹੈ। 
ਹੈਦਰਾਬਾਦ ਨੇ ਕਪਤਾਨ ਕੇਨ ਵਿਲੀਅਮਸਨ ਦੀਆਂ ਅਜੇਤੂ 70 ਦੌੜਾਂ ਦੀ ਬਦੌਲਤ 7 ਵਿਕਟਾਂ 'ਤੇ 175 ਦੌੜਾਂ ਦਾ ਚੁਣੌਤੀਪੂਰਨ  ਸਕੋਰ ਬਣਾਇਆ ਸੀ, ਜਦਕਿ ਬੈਂਗਲੁਰੂ ਨੇ ਉਤਾਰ-ਚੜ੍ਹਾਅ ਵਿਚੋਂ ਲੰਘਦੇ ਹੋਏ 19.2 ਓਵਰਾਂ ਵਿਚ 6 ਵਿਕਟਾਂ 'ਤੇ 178 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕੀਤੀ। ਇਸ ਨਤੀਜੇ ਤੋਂ ਬਾਅਦ ਪਲੇਅ ਆਫ ਦੀ ਚੌਥੀ ਟੀਮ ਲਈ ਦੌੜ ਦਿਲਚਸਪ ਹੋ ਗਈ ਹੈ।
ਹੈਦਰਾਬਾਦ ਨੂੰ ਇਸ ਹਾਰ ਤੋਂ ਬਾਅਦ ਕੱਲ ਕੋਲਕਾਤਾ ਨਾਈਟ ਰਾਈਡਰਜ਼ ਤੇ ਮੁੰਬਈ ਇੰਡੀਅਨਜ਼ ਵਿਚਾਲੇ ਹੋਣ ਵਾਲੇ ਮੈਚ ਦੇ ਨਤੀਜੇ ਦਾ ਇੰਤਜ਼ਾਰ ਕਰਨਾ ਪਵੇਗਾ। ਜੇਕਰ ਕੋਲਕਾਤਾ  ਜਿੱਤੀ ਤਾਂ ਉਹ 14 ਅੰਕਾਂ ਨਾਲ ਪਲੇਅ ਆਫ ਵਿਚ ਚਲੀ ਜਾਵੇਗੀ ਪਰ ਕੋਲਕਾਤਾ ਦੇ ਹਾਰ ਜਾਣ ਦੀ ਸੂਰਤ ਵਿਚ ਨੈੱਟ ਰਨ ਰੇਟ ਚੌਥੀ ਟੀਮ ਦਾ ਫੈਸਲਾ ਕਰੇਗੀ। ਜੇਕਰ ਪੰਜਾਬ ਕੱਲ ਚੇਨਈ ਨੂੰ ਹਰਾ ਦੇਵੇ ਤਾਂ ਉਹ ਵੀ 12 ਅੰਕਾਂ ਨਾਲ ਦੌੜ ਵਿਚ ਸ਼ਾਮਲ ਹੋ ਸਕਦੀ ਹੈ। ਹਾਲਾਂਕਿ ਉਸ ਦੀ ਨੈੱਟ ਰਨ ਰੇਟ ਕਾਫੀ ਘੱਟ ਹੈ। 
ਬੈਂਗਲੁਰੂ ਸੈਸ਼ਨ ਵਿਚ ਬੁਰੀ ਤਰ੍ਹਾਂ ਫਲਾਪ ਰਹੀ ਹੈ ਪਰ ਆਖਰੀ ਮੈਚ ਵਿਚ ਉਸ ਨੇ ਜਿੱਤ ਦਰਜ ਕੀਤੀ ਤੇ ਇਕ ਤਰ੍ਹਾਂ ਨਾਲ ਉਹ  ਹੈਦਰਾਬਾਦ ਦੇ ਲਗਭਗ ਜੜ੍ਹੀਂ ਬੈਠ ਗਈ ਲੱਗਦੀ ਹੈ ਕਿਉਂਕਿ ਜੇਕਰ ਹੈਦਰਾਬਾਦ ਜਿੱਤ ਜਾਂਦੀ ਤਾਂ ਉਸ ਦਾ ਪਲੇਅ ਆਫ ਵਿਚ ਪਹੁੰਚਣਾ ਲਗਭਗ ਤੈਅ ਹੋ ਜਾਣਾ ਸੀ ਪਰ ਹੁਣ ਉਸ ਦਾ ਕੰਮ ਔਖਾ ਹੋ ਗਿਆ ਹੈ।


author

satpal klair

Content Editor

Related News