ਨਿਊਜ਼ੀਲੈਂਡ ਨੇ ਮੰਨਿਆ ਕਿ ਭਾਰਤ ਨਾਲ ਟੱਕਰ ਲੈਣੀ ਔਖੀ
Tuesday, Jan 29, 2019 - 05:20 PM (IST)
ਮਾਊਂਟ ਮਾਊਂਗਾਨੁਈ— ਭਾਰਤ ਖਿਲਾਫ 0-3 ਨਾਲ ਵਨ ਡੇ ਸੀਰੀਜ਼ 'ਚ ਪਿਛੜਨ ਦੇ ਬਾਅਦ ਨਿਊਜ਼ੀਲੈਂਡ ਦੇ ਬੱਲੇਬਾਜ਼ ਰੋਸ ਟੇਲਰ ਨੇ ਕਿਹਾ ਕਿ ਲਗਾਤਾਰ ਤਿੰਨ ਮੈਚਾਂ 'ਚ ਹਾਰ ਨੂੰ ਸਹਿਣ ਕਰਨਾ ਸੌਖਾ ਨਹੀਂ ਹੈ। ਉਨ੍ਹਾਂ ਦੀ ਟੀਮ ਕਿਤੇ ਬਿਹਤਰ ਭਾਰਤੀ ਟੀਮ ਦੀ ਆਲਰਾਊਂਡ ਸਮਰਥਾ ਦੀ ਬਰਾਬਰੀ ਨਹੀਂ ਕਰ ਸਕਦੀ।
ਟੇਲਰ ਨੇ ਮੈਚ ਦੇ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ, ''3-0 ਦੀ ਹਾਰ ਨੂੰ ਸਹਿਣਾ ਮੁਸ਼ਕਲ ਹੈ। ਪਰ ਸਾਨੂੰ ਭਾਰਤੀਆਂ ਨੂੰ ਸਿਹਰਾ ਦੇਣਾ ਹੋਵੇਗਾ। ਤਿੰਨ ਮੈਚਾਂ 'ਚ ਉਹ ਕਾਫੀ ਬਿਹਤਰ ਸਨ। ਭਾਰਤ ਨੇ ਲੰਬੇ ਸਮੇਂ ਤਕ ਸਾਨੂੰ ਦਬਾਅ 'ਚ ਰੱਖਿਆ ਅਤੇ ਅਹਿਮ ਮੌਕਿਆਂ 'ਤੇ ਵਿਕਟ ਹਾਸਲ ਕੀਤੇ।'' ਟੇਲਰ ਨੇ ਨਿਊਜ਼ੀਲੈਂਡ ਲਈ 106 ਗੇਂਦਾਂ 'ਚ ਸਭ ਤੋਂ ਜ਼ਿਆਦਾ 93 ਦੌੜਾਂ ਬਣਾਈਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਬਾਕੀ ਬਚੇ ਦੋ ਮੈਚਾਂ 'ਚ ਬਿਹਤਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ ਕਰੇਗੀ। ਉਨ੍ਹਾਂ ਕਿਹਾ, ''ਦੋ ਹੋਰ ਮੈਚ ਖੇਡੇ ਜਾਣੇ ਹਨ। ਸੀਰੀਜ਼ ਗੁਆਉਣ ਦੇ ਬਾਵਜੂਦ ਕਾਫੀ ਕੁਝ ਬਚਿਆ ਹੈ। ਸਾਨੂੰ ਆਪਣਾ ਕੰਮ ਕਰਨਾ ਹੋਵੇਗਾ ਅਤੇ ਉਮੀਦ ਕਰਦੇ ਹਾਂ ਕਿ ਅੰਤਿਮ ਦੋ ਮੈਚਾਂ 'ਚ ਅਸੀਂ ਵਾਪਸੀ ਕਰਾਂਗੇ।''