ਰੋਨਾਲਡੋ ਨੇ ਅੰਤਰਰਾਸ਼ਟਰੀ ਫੁੱਟਬਾਲ ’ਚ ਸਭ ਤੋਂ ਵੱਧ ਗੋਲ ਕਰਨ ਦਾ ਬਣਾਇਆ ਰਿਕਾਰਡ
Thursday, Sep 02, 2021 - 12:21 PM (IST)
ਪੁਰਤਗਾਲ (ਭਾਸ਼ਾ) : ਦਿੱਗਜ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਪੈਨਲਟੀ ’ਤੇ ਗੋਲ ਕਰਨ ਤੋਂ ਖੁੰਝ ਗਏ ਪਰ ਇਸ ਦੇ ਬਾਵਜੂਦ ਵਿਸ਼ਵ ਕੱਪ ਕੁਆਈਫਾਇੰਗ ਗਰੁੱਪ ਏ ਵਿਚ ਬੁੱਧਵਾਰ ਨੂੰ ਇੱਥੇ ਆਇਲੈਂਡ ’ਤੇ ਪੁਰਤਗਾਲ ਦੀ 2-1 ਦੀ ਜਿੱਤ ਵਿਚ 2 ਗੋਲ ਨਾਲ ਪੁਰਸ਼ ਅੰਤਰਰਾਸ਼ਟਰੀ ਫੁੱਟਬਾਲ ਵਿਚ ਸਭ ਤੋਂ ਵੱਧ ਗੋਲ ਦਾ ਰਿਕਾਰਡ ਆਪਣੇ ਨਾਮ ਕਰਨ ਵਿਚ ਸਫ਼ਲ ਰਹੇ। ਆਇਰਲੈਂਡ ਨੂੰ 45ਵੇਂ ਮਿੰਟ ਵਿਚ ਜੋਨ ਇਗਾਨ ਨੇ ਬੜ੍ਹਤ ਦਿਵਾਈ। ਰੋਨਾਲਡੋ ਨੇ ਇਸ ਦੇ ਬਾਅਦ 89ਵੇਂ ਮਿੰੰਟ ਵਿਚ ਆਪਣਾ 110ਵਾਂ ਗੋਲ ਕਰਦੇ ਹੋਏ ਪੁਰਤਗਾਲ ਨੂੰ ਬਰਾਬਰੀ ਦਿਵਾਈ ਅਤੇ ਈਰਾਨ ਦੇ ਸਾਬਕਾ ਸਟ੍ਰਾਈਕਰ ਅਲੀ ਦੇਈ ਦੇ ਪੁਰਸ਼ ਅੰਤਰਰਾਸ਼ਟਰੀ ਫੁੱਟਬਾਲ ਵਿਚ ਸਭ ਤੋਂ ਵੱਧ ਗੋਲ ਰਿਕਾਰਡ ਨੂੰ ਤੋੜਿਆ।
ਰੋਨਾਲਡੋ ਨੇ ਇਸ ਦੇ ਬਾਅਦ ਇੰਜਰੀ ਟਾਈਮ ਵਿਚ 180ਵੇਂ ਮੈਂਚ ਵਿਚ ਆਪਣਾ 111ਵਾਂ ਗੋਲ ਕਰਕੇ ਆਇਰਲੈਂਡ ਦੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਅਤੇ ਪੁਰਤਗਾਲ ਦੀ ਜਿੱਤ ਯਕੀਨੀ ਕੀਤੀ। ਰੋਨਾਡਲੋ ਨੇ ਮੈਚ ਦੇ ਬਾਅਦ ਕਿਹਾ, ‘ਮੈਂ ਬਹੁਤ ਖ਼ੁਸ਼ ਹਾਂ, ਸਿਰਫ਼ ਇਸ ਲਈ ਨਹੀਂ ਕਿ ਮੈਂ ਰਿਕਾਰਡ ਤੋੜਿਆ, ਸਗੋਂ ਉਨ੍ਹਾਂ ਖ਼ਾਸ ਪਲਾਂ ਲਈ ਜੋ ਸਾਨੂੰ ਮਿਲੇ। ਮੈਚ ਦੇ ਆਖ਼ਰੀ ਪਲਾਂ ਵਿਚ 2 ਗੋਲ ਕਰਨਾ ਇੰਨਾ ਮੁਸ਼ਕਲ ਹੁੰਦਾ ਹੈ ਪਰ ਟੀਮ ਨੇ ਜੋ ਕੀਤਾ ਮੈਨੂੰ ਉਸ ਦੀ ਸ਼ਲਾਘਾ ਕਰਨੀ ਹੋਵੇਗੀ। ਅਸੀਂ ਅੰਤ ਤੱਕ ਵਿਸ਼ਵਾਸ ਬਣਾਈ ਰੱਖਿਆ।’ ਰੋਨਾਲਡੋ ਲਈ ਹਾਲਾਂਕਿ ਮੁਕਾਬਲੇ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ ਅਤੇ ਆਇਰਲੈਂਡ ਦੇ ਗੋਲਕੀਪਰ ਗੇਵਿਨ ਬਜੁਨੁ ਨੇ 15ਵੇਂ ਮਿੰਟ ਵਿਚ ਉਨ੍ਹਾਂ ਦੀ ਪੈਨਲਟੀ ਕਿਕ ਰੋਕ ਦਿੱਤੀ। ਰੋਨਾਲਡੋ ਨੇ 2004 ਯੂਰਪੀ ਯੂਨੀਅਨ ਚੈਂਪੀਅਨਸ਼ਿਪ ਵਿਚ ਪੁਰਤਗਾਲ ਲਈ ਜਦੋਂ ਆਪਣਾ ਪਹਿਲਾ ਗੋਲ ਕੀਤਾ ਸੀ ਤਾਂ ਗੇਵਿਨ ਸਿਰਫ਼ 2 ਸਾਲ ਦੇ ਸਨ। ਇਸ ਜਿੱਤ ਨਾਲ ਪੁਰਤਗਾਲ ਦੀ ਟੀਮ ਚਾਰ ਮੈਚਾਂ ਵਿਚ 10 ਅੰਕ ਨਾਲ ਗਰੁੱਪ ਵਿਚ ਸਿਖ਼ਰ ’ਤੇ ਚੱਲ ਰਹੀ ਹੈ। ਸਰਬੀਆ ਦੀ ਟੀਮ ਉਸ ਤੋਂ 3 ਅੰੰਕ ਪਿੱਛੇ ਹੈ ਪਰ ਉਹ ਬੁੱਧਵਾਰ ਨੂੰ ਨਹੀਂ ਖੇਡੀ। ਅਗਜਮਬਰਗ ਨੇ ਅਜ਼ਰਬੇਜਾਨ ਨੂੰ 2-1 ਨਾਲ ਹਰਾਇਆ ਅਤੇ ਸਰਬੀਆ ਤੋਂ ਇਕ ਅੰਕ ਪਿੱਛੇ ਤੀਜੇ ਸਥਾਨ ’ਤੇ ਚੱਲ ਰਿਹਾ ਹੈ।