ਮੋਰਾਕੋ ''ਤੇ ਵੱਡੀ ਜਿੱਤ ਦਰਜ ਕਰਨ ਉਤਰੇਗੀ ਰੋਨਾਲਡੋ ਦੀ ਪੁਰਤਗਾਲ
Wednesday, Jun 20, 2018 - 05:30 AM (IST)
ਮਾਸਕੋ— ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ ਦੇ ਆਪਣੇ ਬਿਹਤਰੀਨ ਪ੍ਰਦਰਸ਼ਨ ਨੂੰ ਜਾਰੀ ਰੱਖ ਕੇ ਪੁਰਤਗਾਲ ਨੂੰ ਗਰੁੱਪ-ਬੀ 'ਚ ਕੱਲ ਇਥੇ ਮੋਰਾਕੋ ਵਿਰੁੱਧ ਵੱਡੀ ਜਿੱਤ ਦਿਵਾਉਣ ਦੀ ਕੋਸ਼ਿਸ਼ ਕਰੇਗਾ। 5 ਵਾਰ ਵਿਸ਼ਵ ਦੇ ਸਰਵਸ੍ਰੇਸ਼ਠ ਖਿਡਾਰੀ ਚੁਣੇ ਗਏ ਰੋਨਾਲਡੋ ਦੀ ਹੈਟ੍ਰਿਕ ਦੀ ਮਦਦ ਨਾਲ ਯੂਰਪੀਅਨ ਚੈਂਪੀਅਨ ਪੁਰਤਗਾਲ ਨੇ ਸੋਚੀ ਵਿਚ ਆਪਣੇ ਪਹਿਲੇ ਮੈਚ ਵਿਚ ਸਪੇਨ ਨੂੰ 3-3 ਨਾਲ ਬਰਾਬਰੀ 'ਤੇ ਰੋਕਿਆ ਸੀ। ਇਹ ਰੋਨਾਲਡੋ ਦੇ ਕਰੀਅਰ ਦੀ 51ਵੀਂ ਹੈਟ੍ਰਿਕ ਸੀ। ਸੰਯੋਗ ਨਾਲ ਟੂਰਨਾਮੈਂਟ ਦੇ ਇਤਿਹਾਸ ਵਿਚ ਵੀ ਇਹ 51ਵੀਂ ਹੈਟ੍ਰਿਕ ਸੀ। ਇਸ ਤੋਂ ਪਹਿਲਾਂ ਰੋਨਾਲਡੋ ਚਾਰ ਵਿਸ਼ਵ ਕੱਪ ਟੁਰਨਾਮੈਂਟਾਂ ਵਿਚ ਗੋਲ ਕਰਨ ਵਾਲਾ ਚੌਥਾ ਫੁੱਟਬਾਲਰ ਵੀ ਬਣਿਆ ਸੀ।
ਇਹ ਦੂਜਾ ਮੌਕਾ ਹੋਵੇਗਾ, ਜਦੋਂ ਇਹ ਦੋਵੇਂ ਟੀਮਾਂ ਵਿਸ਼ਵ ਕੱਪ ਵਿਚ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ 1986 ਵਿਚ ਮੋਰਾਕੋ ਨੇ ਗਰੁੱਪ ਗੇੜ ਵਿਚ ਪੁਰਤਗਾਲ ਨੂੰ 3-1 ਨਾਲ ਹਰਾ ਦਿੱਤਾ ਸੀ। ਮੋਰਾਕੋ ਨੇ ਕੁਆਲੀਫਾਇੰਗ ਦੇ ਆਖਰੀ ਦੌਰ ਵਿਚ ਇਕ ਵੀ ਗੋਲ ਨਹੀਂ ਗੁਆਇਆ ਤੇ 20 ਸਾਲ ਬਾਅਦ ਵਿਸ਼ਵ ਕੱਪ ਵਿਚ ਜਗ੍ਹਾ ਬਣਾਈ ਪਰ ਈਰਾਨ ਵਿਰੁੱਧ ਪਹਿਲੇ ਮੈਚ ਵਿਚ ਅਜ਼ੀਜ਼ ਬੋਹਾਨਡੋਜ ਦੇ ਆਤਮਘਾਤੀ ਗੋਲ ਨਾਲ ਉਸਦੀਆਂ ਨਾਕਆਊਟ ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਲੱਗਾ, ਜਿਸ ਨੂੰ ਉਹ ਪਿੱਛੇ ਛੱਡ ਕੇ ਅੱਗੇ ਨਵਾਂ ਇਤਿਹਾਸ ਰਚਣ ਦੀ ਕੋਸ਼ਿਸ਼ ਕਰੇਗੀ।