ਰੋਨਾਲਡੋ ਦੀ ਹੈਟ੍ਰਿਕ ਨਾਲ ਯੁਵੈਂਟਸ ਚੈਂਪੀਅਨਸ ਲੀਗ ਦੇ ਕੁਆਰਟਰ ਫਾਈਨਲ ''ਚ
Wednesday, Mar 13, 2019 - 09:38 PM (IST)

ਤੁਰਿਨ (ਇਟਲੀ)— ਚੋਟੀ ਦੇ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦੀ 8ਵੀਂ ਹੈਟ੍ਰਿਕ ਦੀ ਬਦੌਲਤ ਇਟਲੀ ਦੇ ਫੁੱਟਬਾਲ ਕਲੱਬ ਯੁਵੈਂਟਸ ਨੇ ਚੈਂਪੀਅਨਸ ਲੀਗ ਦੇ ਪ੍ਰੀ-ਕੁਆਰਟਰ ਫਾਈਨਲ ਦੇ ਦੂਸਰੇ ਪੜਾਅ ਦੇ ਮੁਕਾਬਲੇ ਵਿਚ ਐਟਲੇਟਿਕੋ ਮੈਡ੍ਰਿਡ ਨੂੰ 3-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਪੱਕੀ ਕੀਤੀ। ਰੋਨਾਲਡੋ ਲਈ ਚੈਂਪੀਅਨਸ ਲੀਗ ਵਿਚ ਇਹ 8ਵੀਂ ਹੈਟ੍ਰਿਕ ਹੈ। ਇਸ ਨਾਲ ਉਸ ਨੇ ਬਾਰਸੀਲੋਨਾ ਦੇ ਆਪਣੇ ਮੁੱਖ ਵਿਰੋਧੀ ਲਿਓਨਿਲ ਮੇਸੀ ਦੇ ਰਿਕਾਰਡ ਦੀ ਬਰਾਬਰੀ ਕੀਤੀ। ਯੁਵੈਂਟਸ ਨੇ ਇਸ ਜਿੱਤ ਨਾਲ ਸਪੇਨ ਦੇ ਕਲੱਬ ਤੋਂ ਮਿਲੀ 0-2 ਦੀ ਹਾਰ ਦਾ ਬਦਲਾ ਵੀ ਲੈ ਲਿਆ। ਟੀਮ ਨੇ ਕੁਲ 3-2 ਦੇ ਫਰਕ ਨਾਲ ਜਿੱਤ ਦਰਜ ਕੀਤੀ।
ਰੀਅਲ ਮੈਡ੍ਰਿਡ ਦੇ ਇਸ ਸਾਬਕਾ ਖਿਡਾਰੀ ਨੇ ਮੈਚ ਦੇ 27ਵੇਂ ਮਿੰਟ ਵਿਚ ਗੋਲ ਕਰ ਕੇ ਯੁਵੈਂਟਸ ਦਾ ਖਾਤਾ ਖੋਲ੍ਹਿਆ। ਉਸ ਨੇ ਦੂਸਰੇ ਹਾਫ ਦੀ ਸ਼ੁਰੂਆਤ (49ਵੇਂ ਮਿੰਟ) ਵਿਚ ਹੀ ਟੀਮ ਦੀ ਬੜ੍ਹਤ ਨੂੰ ਦੁੱਗਣਾ ਕਰ ਕੇ ਕੀਤੀ। ਮੈਚ ਖਤਮ ਹੋਣ ਤੋਂ ਕੁਝ ਸਮਾਂ ਪਹਿਲਾਂ ਰੋਨਾਲਡੋ ਨੇ ਪੈਨਲਟੀ ਨੂੰ ਗੋਲ ਵਿਚ ਬਦਲ ਕੇ ਐਟਲੇਟਿਕੋ ਮੈਡ੍ਰਿਡ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ।