Champions Trophy ਜਿੱਤਣ ਦੇ ਬਾਵਜੂਦ ICC ਵੱਲੋਂ ਰੋਹਿਤ ਸ਼ਰਮਾ ਨੂੰ ਵੱਡਾ ਝਟਕਾ!
Monday, Mar 10, 2025 - 09:03 PM (IST)

ਸਪੋਰਟਸ ਡੈਸਕ- ਚੈਂਪੀਅਨਜ਼ ਟਰਾਫੀ 2025 ਆਖਿਰਕਾਰ ਖਤਮ ਹੋ ਗਿਆ ਹੈ। ਭਾਰਤ ਨੇ ਟੂਰਨਾਮੈਂਟ ਦੇ ਫਾਈਨਲ 'ਚ ਨਿਊਜ਼ੀਲੈਂਡ ਨੂੰ ਹਰਾ ਕੇ ਤੀਜੀ ਵਾਰ ਚੈਂਪੀਅਨਜ਼ ਟਰਾਫੀ ਦਾ ਖਿਤਾਬ ਜਿੱਤਿਆ। ਇਸ ਟੂਰਨਾਮੈਂਟ ਦੌਰਾਨ ਅਜਿਹੇ ਕਈ ਖਿਡਾਰੀ ਸਨ, ਜਿਨ੍ਹਾਂ ਨੇ ਪੂਰੇ ਟੂਰਨਾਮੈਂਟ 'ਚ ਆਪਣੀਆਂ-ਆਪਣੀਆਂ ਟੀਮਾਂ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਹੁਣ ਇਸ ਟੂਰਨਾਮੈਂਟ ਦੀ ਸਮਾਪਤੀ ਹੋਣ ਤੋਂ ਬਾਅਦ ਆਈਸੀਸੀ ਨੇ ਟੀਮ ਆਫ ਦਿ ਟੂਰਨਾਮੈਂਟ ਦਾ ਐਲਾਨ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ 5 ਭਾਰਤੀ ਖਿਡਾਰੀਆਂ ਨੂੰ ਜਗ੍ਹਾ ਦਿੱਤੀ ਹੈ। ਇਸ ਵਿਚ ਸਭ ਤੋਂ ਖਾਸ ਗੱਲ ਇਹ ਰਹੀ ਕਿ ਭਾਰਤ ਨੂੰ ਚੈਂਪੀਅਨ ਬਣਾਉਣ ਵਾਲੇ ਰੋਹਿਤ ਸ਼ਰਮਾ ਨੂੰ ਆਈਸੀਸੀ ਨੇ ਆਪਣੀ ਟੀਮ 'ਚ ਜਗ੍ਹਾ ਨਹੀਂ ਦਿੱਤੀ।
ICC ਨੇ ਇਨ੍ਹਾਂ ਖਿਡਾਰੀਆਂ ਨੂੰ ਦਿੱਤੀ ਆਪਣੀ ਟੀਮ 'ਚ ਜਗ੍ਹਾ
ICC ਨੇ 11 ਖਿਡਾਰੀਆਂ ਦੀ ਟੀਮ 'ਚ ਓਪਨਰ ਦੇ ਰੂਪ 'ਚ ਰਚਿਨ ਰਵਿੰਦਰ ਅਤੇ ਇਬਰਾਹਿਮ ਜ਼ਾਦਰਾਨ ਨੂੰ ਸ਼ਾਮਲ ਕੀਤਾ ਹੈ। ਜ਼ਾਦਰਾਨ ਨੇ ਇੰਗਲੈਂਡ ਵਿਰੁੱਧ ਜ਼ਬਰਦਸਤ ਸੈਂਕੜਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ ਸੀ। ਉਥੇ ਹੀ ਰਚਿਨ ਰਵਿੰਦਰ ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਰਹੇ। ਤੀਜੇ ਨੰਬਰ 'ਤੇ ਕੋਹਲੀ ਤਾਂ ਉਤੇ ਹੀ ਚੌਥੇ ਨੰਬਰ ਲਈ ਸ਼੍ਰੇਅਸ ਅਈਅਰ ਨੂੰ ਟੀਮ 'ਚ ਜਗ੍ਹਾ ਦਿੱਤੀ ਗਈ। ਕੋਹਲੀ ਨੇ ਪਾਕਿਸਤਾਨ ਵਿਰੁੱਧ ਸ਼ਾਨਦਾਰ ਸੈਂਕੜਾ ਲਗਾਇਆ ਸੀ। ਉਥੇ ਹੀ ਸ਼੍ਰੇਅ ਸਅਈਅਰ 243 ਦੌੜਾਂ ਦੇ ਨਾਲ ਭਾਰਤ ਲਈ ਟਾਪ ਰਨ ਸਕੋਰਰ ਰਹੇ।
ਕੇਐੱਲ ਰਾਹੁਲ ਨੂੰ ਵਿਕਟਕੀਪਰ-ਬੱਲੇਬਾਜ਼ ਦੇ ਤੌਰ 'ਤੇ 5ਵੇਂ ਨੰਬਰ 'ਤੇ ਰੱਖਿਆ ਗਿਆ ਹੈ, ਉਨ੍ਹਾਂ ਨੇ ਪੂਰੇ ਟੂਰਨੈਮੈਂਟ 'ਚ ਦੋ ਅਰਧ ਸੈਂਕੜੇ ਲਗਾ ਕੇ 140 ਦੌੜਾਂ ਬਣਾਈਆਂ ਸਨ। ਉਥੇ ਹੀ 6ਵੇਂ ਨੰਬਰ 'ਤੇ ਨਿਊਜ਼ੀਲੈਂਡ ਦੇ ਗਲੇਨ ਫਿਲਿਪਸ ਹਨ। ਅਫਗਾਨਿਸਤਾਨ ਦੇ ਅਜ਼ਮਤੁੱਲਾ ਉਮਰਜ਼ਈ ਨੂੰ ਬਤੌਰ ਆਲਰਾਊਂਡਰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਇਸ ਚੈਂਪੀਅਨ ਟਰਾਫੀ 'ਚ ਉਨ੍ਹਾਂ ਨੇ ਗੇਂਦ ਅਤੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਥੇ ਹੀ ਸਪਿਨਰ ਦੇ ਰੂਪ 'ਚ ਟੀਮ 'ਚ ਮਿਸ਼ੇਲ ਸੈਂਟਨਰ ਅਤੇ ਵਰੁਣ ਚੱਕਰਵਰਤੀ ਨੂੰ ਜਗ੍ਹਾ ਦਿੱਤੀ ਗਈ ਹੈ। ਤੇਜ਼ ਗੇਂਦਬਾਜ਼ ਦੇ ਤੌਰ 'ਤੇ ਟੀਮ 'ਚ ਮੁਹੰਮਦ ਸ਼ਮੀ ਅਤੇ ਮੈਟ ਹੈਨਰੀ ਨੂੰ ਚੁਣਿਆ ਗਿਆ ਹੈ।
ਖਾਸ ਗੱਲ ਇਹ ਹੈ ਕਿ ਆਈਸੀਸੀ ਨੇ ਸੈਂਟਨਰ ਨੂੰ ਟੀਮ ਦਾ ਕਪਤਾਨ ਵੀ ਨਿਯੁਕਤ ਕੀਤਾ ਹੈ। ਆਈਸੀਸੀ ਦੀ ਇਸ ਟੀਮ 'ਚ ਆਸਟ੍ਰੇਲੀਆ, ਇੰਗਲੈਂਡ, ਸਾਊਥ ਅਫਰੀਕਾ, ਪਾਕਿਸਤਾਨ, ਬੰਗਲਾਦੇਸ਼ ਵਰਗੀਆਂ ਟੀਮਾਂ ਦਾ ਕੋਈ ਖਿਡਾਰੀ ਨਹੀਂ ਹੈ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਆਈਸੀਸੀ ਨੇ ਸਿਰਫ 3 ਟੀਮਾਂ ਦੇ ਖਿਡਾਰੀਆਂ ਨੂੰ ਮਿਲਾ ਕੇ ਪਲੇਇੰਗ-11 ਦੀ ਚੋਣ ਕੀਤੀ ਹੈ।
ਚੈਂਪੀਅਨਜ਼ ਟਰਾਫੀ 2025 ਲਈ ICC ਦੀ ਟੀਮ ਆਫ ਦਿ ਟੂਰਨੈਮੈਂਟ
ਰਚਿਨ ਰਵਿੰਦਰ, ਇਬਰਾਹਿਮ ਜ਼ਾਦਰਾਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਗਲੇਨ ਫਿਲਿਪਸ, ਅਜ਼ਮਤੁੱਲਾ ਉਮਰਜ਼ਈ, ਮਿਸ਼ੇਲ ਸੈਂਟਨਰ (ਕਪਤਾਨ), ਮੁਹੰਮਦ ਸ਼ਮੀ, ਮੈਟ ਹੈਨਰੀ, ਵਰੁਣ ਚੱਕਰਵਰਤੀ।