ਆਜ਼ਾਦੀ ਦਿੰਦੈ ਰੋਹਿਤ ਸ਼ਰਮਾ, ਉਸ ਵਿਚ ਮਹਾਨ ਕਪਤਾਨ ਦੇ ਸਾਰੇ ਗੁਣ : ਰਹਾਣੇ
Wednesday, Jul 12, 2023 - 01:31 PM (IST)
ਰੋਸੀਓ (ਭਾਸ਼ਾ)- ਵੈਸਟਇੰਡੀਜ਼ ਖਿਲਾਫ ਬੁੱਧਵਾਰ ਯਾਨੀ ਅੱਜ ਤੋਂ ਸ਼ੁਰੂ ਹੋ ਰਹੀ 2 ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਅਜਿੰਕਯ ਰਹਾਣੇ ਨੇ ਕਿਹਾ ਕਿ ਭਾਰਤੀ ਕਪਤਾਨ ਰੋਹਿਤ ਸ਼ਰਮਾ ਆਪਣੇ ਖਿਡਾਰੀਆਂ ਨੂੰ ਕਾਫੀ ਆਜ਼ਾਦੀ ਦਿੰਦਾ ਹੈ ਤੇ ਉਸ ’ਚ ਇਕ ਮਹਾਨ ਕਪਤਾਨ ਦੇ ਸਾਰੇ ਗੁਣ ਹਨ। ਰਹਾਨੇ ਨੇ 18 ਮਹੀਨਿਆਂ ਬਾਅਦ ਟੈਸਟ ਟੀਮ ’ਚ ਵਾਪਸੀ ਕੀਤੀ ਜਦੋਂ ਉਸਨੂੰ ਪਿਛਲੇ ਮਹੀਨੇ ਆਸਟਰੇਲੀਆ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀ ਟੀਮ ’ਚ ਚੁਣਿਆ ਗਿਆ। ਭਾਰਤ ਲਈ 83 ਟੈਸਟ ਖੇਡ ਚੁੱਕੇ ਰਹਾਣੇ ਨੂੰ ਵੈਸਟਇੰਡੀਜ਼ ਵਿਰੁੱਧ ਲੜੀ ਲਈ ਉਪ ਕਪਤਾਨ ਬਣਾਇਆ ਗਿਆ ਹੈ।
ਉਸ ਨੇ ਇੱਥੇ ਕਿਹਾ,‘‘ਮੈਂ ਇਹ ਭੂਮਿਕਾ ਪਹਿਲਾਂ ਵੀ ਨਿਭਾ ਚੁੱਕਾ ਹਾਂ ਤੇ ਤਕਰੀਬਨ 4-5 ਸਾਲ ਉਪ ਕਪਤਾਨ ਰਿਹਾ ਹਾਂ। ਟੀਮ ’ਚ ਵਾਪਸੀ ਕਰਕੇ ਤੇ ਫਿਰ ਉਪ ਕਪਤਾਨ ਬਣ ਕੇ ਕਾਫੀ ਖੁਸ਼ ਹਾਂ।’’ ਉਸ ਨੇ ਕਿਹਾ,‘‘ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਪਹਿਲਾ ਮੈਚ ਸੀ ਜਿਹੜਾ ਮੈਂ ਰੋਹਿਤ ਦੀ ਕਪਤਾਨੀ ’ਚ ਖੇਡਿਆ। ਰੋਹਿਤ ਸਾਰੇ ਖਿਡਾਰੀਆਂ ਨੂੰ ਆਜ਼ਾਦੀ ਦਿੰਦਾ ਹੈ ਤੇ ਉਸ ਵਿਚ ਚੰਗੇ ਕਪਤਾਨ ਦੇ ਸਾਰੇ ਗੁਣ ਹਨ।’’ 35 ਸਾਲਾ ਦੀ ਉਮਰ ’ਚ ਰਾਸ਼ਟਰੀ ਟੀਮ ’ਚ ਵਾਪਸੀ ਨੂੰ ਲੈ ਕੇ ਪੁੱਛੇ ਗਏ ਸਵਾਲ ’ਤੇ ਚਿੜਦੇ ਹੋਏ ਰਹਾਨੇ ਨੇ ਕਿਹਾ ਕਿ ਉਹ ਅਜੇ ਵੀ ਨੌਜਵਾਨ ਹੈ ਤੇ ਉਸਦੇ ਅੰਦਰ ਕਾਫੀ ਕ੍ਰਿਕਟ ਬਚੀ ਹੈ। ਉਸ ਨੇ ਕਿਹਾ,‘‘ਇਸ ਉਮਰ ’ਚ, ਦਾ ਕੀ ਮਤਲਬ ਹੈ? ਮੈਂ ਅਜੇ ਵੀ ਨੌਜਵਾਨ ਹਾਂ ਯਾਰ। ਮੇਰੇ ਅੰਦਰ ਅਜੇ ਕਾਫੀ ਕ੍ਰਿਕਟ ਬਾਕੀ ਹੈ। ਮੈਂ ਆਈ. ਪੀ. ਐੱਲ. ਤੇ ਘਰੇਲੂ ਸੈਸ਼ਨ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਮੇਰਾ ਆਤਮਵਿਸ਼ਵਾਸ ਵਧਿਆ ਹੈ ਤੇ ਮੈਂ ਆਪਣੀ ਫਿਟਨੈੱਸ ’ਤੇ ਬਹੁਤ ਮਿਹਨਤ ਕੀਤੀ ਹੈ।’’