ਜਰਮਨੀ ਦੇ ਡੋਮਿਨਿਕ ਕਾਪਫ਼ੇਰ ਨੂੰ ਹਰਾ ਪ੍ਰੀ-ਕੁਆਰਟਰ ਫ਼ਾਈਨਲ ’ਚ ਪਹੁੰਚੇ ਫ਼ੈਡਰਰ
Sunday, Jun 06, 2021 - 07:40 PM (IST)
ਪੈਰਿਸ—ਸਾਬਕਾ ਨੰਬਰ ਇਕ ਤੇ ਅੱਠਵਾਂ ਦਰਜਾ ਪ੍ਰਾਪਤ ਸਵਿਟਜ਼ਰਲੈਂਡ ਦੇ ਰੋੋੋੋੋੋੋੋਜਰ ਫ਼ੈਡਰਰ ਨੇ ਜਰਮਨੀ ਦੇ ਡੋਮਿਨਿਕ ਕਾਪਫ਼ੇਰ ਨੂੰ ਸਖ਼ਤ ਮੁਕਾਬਲੇ ’ਚ ਚਾਰ ਸੈੱਟਾਂ 7-6 (5), 6-7 (3), 7-6 (4), 7-5 ’ਚ ਹਰਾ ਕੇ ਸਾਲ ਦੇ ਦੂਜੇ ਗ੍ਰੈਂਡ ਸਲੈਮ ਫਰੈਂਚ ਓਪਨ ਦੇ ਚੌਥੇ ਦੌਰ ’ਚ ਪ੍ਰਵੇਸ਼ ਕੀਤਾ। ਫ਼ੈਡਰਰ ਨੇ ਇਹ ਮੁਕਾਬਲਾ ਜਿੱਤਣ ’ਚ ਤਿੰਨ ਘੰਟੇ 35 ਮਿੰਟ ਦਾ ਸਮਾਂ ਲਾਇਆ। ਫ਼ੈਡਰਰ ਕਰੀਅਰ ’ਚ 68ਵੀਂ ਵਾਰ ਗ੍ਰੈਂਡ ਸਲੈਮ ਦੇ ਰਾਊਂਡ 16 ’ਚ ਪਹੁੰਚੇ ਹਨ।
ਆਲ ਟਾਈਮ ਰਿਕਾਰਡ ’ਚ ਫ਼ੈਡਰਰ ਦੇ ਬਾਅਦ ਦੂਜੇ ਨੰਬਰ ’ਤੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਹਨ ਜੋ 54 ਵਾਰ ਤੇ ਸਪੇਨ ਦੇ ਰਾਫ਼ੇਲ ਨਡਾਲ 50 ਵਾਰ ਰਾਊਂਡ 16 ’ਚ ਪਹੁੰਚੇ ਹਨ। ਮੈਚ ਇਕ ਵਜੇ ਤਕ ਚਲਿਆ ਤੇ ਕੋਵਿਡ-19 ਕਰਫ਼ਿਊ ਲੱਗਣ ਕਾਰਨ ਇਹ ਮੈਚ ਦਰਸ਼ਕਾਂ ਦੇ ਬਿਨਾ ਖੇਡਿਆ ਗਿਆ।
39 ਸਾਲਾ ਫ਼ੈਡਰਰ ਦਾ ਰਾਊਂਡ 16 ’ਚ ਮੁਕਾਬਲਾ ਨੌਵਾਂ ਦਰਜਾ ਪ੍ਰਾਪਤ ਇਟਲੀ ਦੇ ਮਾਤੀਓ ਬੈਰੇਟਿਨੀ ਨਾਲ ਹੋਵੇਗਾ ਜੋ ਤੀਜੇ ਦੌਰ ਦੇ ਮੁਕਾਬਲੇ ’ਚ ਦੱਖਣੀ ਕੋਰੀਆ ਦੇ ਸੁਵਨੂ ਕਵੋਨ ਨੂੰ ਲਗਾਤਾਰ ਸੈੱਟਾਂ ’ਚ 7-6 (5), 6-3, 6-4 ਨਾਲ ਹਰਾ ਕੇ ਪਹਿਲੀ ਵਾਰ ਪੈਰਿਸ ’ਚ ਰਾਊਂਡ 16 ’ਚ ਪਹੁੰਚੇ ਹਨ।