ਰੋਲੇਂਟ ਓਲਟਮੈਂਸ ਨੇ ਛੱਡਿਆ ਕੰਗਾਲ ਪਾਕਿਸਤਾਨ ਹਾਕੀ ਫੈਡਰੇਸ਼ਨ ਦਾ ਸਾਥ!
Sunday, Sep 23, 2018 - 12:29 PM (IST)

ਨਵੀਂ ਦਿੱਲੀ— ਇਕ ਸਾਲ ਪਹਿਲਾਂ ਅਰਥਾਤ 2017 ਦੇ ਸਤੰਬਰ ਮਹੀਨੇ 'ਚ ਹਾਕੀ ਕੋਚ ਰੋਲੇਂਟ ਓਲਟਮੈਂਸ ਨੂੰ ਹਾਕੀ ਇੰਡੀਆ ਨੇ ਬਰਖਾਸਤ ਕਰ ਦਿੱਤਾ ਸੀ ਅਤੇ ਹੁਣ ਇਕ ਸਾਲ ਬਾਅਦ ਗੁਆਂਢੀ ਦੇਸ਼ ਪਾਕਿਸਤਾਨ ਦੇ ਨੈਸ਼ਨਲ ਕੋਚ ਦੇ ਅਹੁਦੇ ਤੋਂ ਹੁਣ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ। ਪਾਕਿਸਤਾਨ ਤੋਂ ਆ ਰਹੀਆਂ ਖਬਰਾਂ ਮੁਤਾਬਕ ਡਚ ਕੋਚ ਨੇ ਹਾਲ ਦੇ ਦਿਨਾਂ 'ਚ ਪਾਕਿਸਤਾਨ ਦੀ ਟੀਮ ਦੇ ਫਲਾਪ ਸ਼ੋਅ ਦੀ ਜ਼ਿੰਮੇਵਾਰੀ ਲੈਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ । ਪਰ ਇਸ ਦੀ ਵਜ੍ਹਾ ਪਾਕਿਸਤਾਨ ਹਾਕੀ ਫੈਡਰੇਸ਼ਨ ਭਾਵ ਪੀ.ਐੱਚ.ਐੱਫ. ਦੀ ਕੰਗਾਲੀ ਵੀ ਹੋ ਸਕਦੀ ਹੈ।
ਓਲਟਮੈਂਸ ਨੂੰ ਇਸੇ ਸਾਲ ਮਾਰਚ 'ਚ ਢਾਈ ਸਾਲ ਲਈ ਪਾਕਿਸਤਾਨ ਦਾ ਚੀਫ ਕੋਚ ਨਿਯੁਕਤ ਕੀਤਾ ਗਿਆ ਸੀ ਪਰ ਉਨ੍ਹਾਂ ਦੀ ਕੋਚਿੰਗ 'ਚ ਪਾਕਿਸਤਾਨ ਦੀ ਟੀਮ ਕੋਈ ਖਾਸ ਕਮਾਲ ਨਹੀਂ ਕਰ ਸਕੀ। ਉਨ੍ਹਾਂ ਦੀ ਕੋਚਿੰਗ 'ਚ ਪਾਕਿਸਤਾਨ ਦੀ ਟੀਮ ਚੈਂਪੀਅਨਸ ਟਰਾਫੀ ਅਤੇ ਕਾਮਨਵੈਲਥ ਗੇਮਸ ਦੇ ਨਾਲ-ਨਾਲ ਏਸ਼ੀਆਈ ਖੇਡਾਂ 'ਚ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਹਾਕੀ ਫੈਡਰੇਸ਼ਨ ਇਨ੍ਹਾਂ ਦਿਨਾਂ 'ਚ ਬੇਹੱਦ ਆਰਥਿਕ ਤੰਗੀ ਨਾਲ ਜੂਝ ਰਹੀ ਹੈ। ਹਾਲਾਤ ਇਹ ਸਨ ਕਿ ਪਿਛਲੇ ਦਿਨਾਂ 'ਚ ਉਸ ਕੋਲ ਆਪਣੇ ਖਿਡਾਰੀਆਂ ਨੂੰ ਦੇਣ ਲਈ ਤਨਖਾਹ ਤੱਕ ਨਹੀਂ ਸੀ ਜਿਸ ਦੇ ਚਲਦੇ ਖਿਡਾਰੀਆਂ ਨੇ ਏਸ਼ੀਆਈ ਖੇਡਾਂ ਤੋਂ ਪਹਿਲਾਂ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਸੀ।