41ਵਾਂ ਗੋਲ ਦਾਗ਼ ਲੇਵਾਂਡੋਵਸਕੀ ਨੇ ਤੋੜਿਆ 49 ਸਾਲ ਪੁਰਾਣਾ ਰਿਕਾਰਡ
Sunday, May 23, 2021 - 07:14 PM (IST)

ਸਪੋਰਟਸ ਡੈਸਕ— ਬਾਇਰਨ ਮਿਊਨਿਖ ਦੇ ਰਾਬਰਟ ਲੇਵਾਂਡੋਵਸਕੀ ਬੁੰਦੇਸਲਿਗਾ ਦੇ ਇਕ ਸੈਸ਼ਨ ’ਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਬਣ ਗਏ। ਉਨ੍ਹਾਂ ਨੇ ਆਗਸਬਰਗ ਖ਼ਿਲਾਫ਼ ਆਖ਼ਰੀ ਪਲਾਂ ’ਚ ਗੋਲ ਕਰਕੇ ਗੇਰਾਰਡ ਮੂਲਰ (40 ਗੋਲ, 1971-72) ਦਾ 49 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ।
ਲੇਵਾਂਡੋਵਸਕੀ ਨੇ 90ਵੇਂ ਮਿੰਟ ’ਚ ਗੋਲ ਕੀਤਾ ਜੋ ਉਨ੍ਹਾਂ ਦਾ ਜਰਮਨ ਲੀਗ ਦਾ ਇਸ ਸੈਸ਼ਨ ਦਾ 41ਵਾਂ ਗੋਲ ਹੈ। ਬਾਇਰਨ ਨੇ ਆਪਣਾ ਆਖ਼ਰੀ ਮੁਕਾਬਲਾ 5-2 ਨਾਲ ਜਿੱਤਿਆ। ਪੋਲੈਂਡ ਦੇ ਲੇਵਾਂਡੋਵਸਕੀ ਨੇ ਬੁੰਦੇਸਲਿਗਾ ਦੇ 29 ਮੈਚਾਂ ’ਚ 41 ਜਦਕਿ ਇਸ ਸੈਸ਼ਨ ਦੇ ਸਾਰੇ 46 ਮੈਚਾਂ ’ਚ 53 ਗੋਲ ਕੀਤੇ। ਪਹਿਲਾਂ ਹੀ ਲਗਾਤਾਰ ਨੌਵੀਂ ਵਾਰ ਬੁੰਦੇਸਲਿਗਾ ਦੀ ਟਰਾਫ਼ੀ ਜਿੱਤ ਚੁੱਕੇ ਬਾਇਰਨ ਮਿਊਨਿਖ ਨੇ 34 ਮੈਚਾਂ ’ਚ 24 ਜਿਤ ਕੇ 78 ਅੰਕਾਂ ਦੇ ਨਾਲ ਆਪਣੀ ਮੁਹਿੰਮ ਖ਼ਤਮ ਕੀਤੀ।