ਰਿਜ਼ਵਾਨ ਦੇ ਨਾਂ ਜੁੜਿਆ ਸ਼ਰਮਨਾਕ ਰਿਕਾਰਡ, ਟੀ-20 ਵਿਸ਼ਵ ਕੱਪ ''ਚ ਬਣਾਇਆ ਸਭ ਤੋਂ ਹੌਲੀ ਅਰਧ ਸੈਂਕੜਾ

06/12/2024 1:26:41 PM

ਸਪੋਰਟਸ ਡੈਸਕ- ਟੀ-20 ਵਿਸ਼ਵ ਕੱਪ ਦੇ ਗਰੁੱਪ-ਏ ਮੈਚ 'ਚ ਪਾਕਿਸਤਾਨ ਨੇ ਕੈਨੇਡਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ 'ਚ ਮੁਹੰਮਦ ਰਿਜ਼ਵਾਨ ਨੇ ਅਰਧ ਸੈਂਕੜਾ ਲਗਾ ਕੇ ਟੀਮ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦੇ ਨਾਂ ਇਕ ਸ਼ਰਮਨਾਕ ਰਿਕਾਰਡ ਵੀ ਦਰਜ ਹੋਇਆ ਹੈ। ਰਿਜ਼ਵਾਨ ਟੀ-20 ਵਿਸ਼ਵ ਕੱਪ 'ਚ ਸਭ ਤੋਂ ਹੌਲੀ ਅਰਧ ਸੈਂਕੜਾ ਲਗਾਉਣ ਵਾਲੇ ਖਿਡਾਰੀ ਬਣ ਗਏ ਹਨ।
ਰਿਜ਼ਵਾਨ ਨੇ ਕੈਨੇਡਾ ਖਿਲਾਫ 53 ਗੇਂਦਾਂ 'ਚ 2 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 53 ਦੌੜਾਂ ਬਣਾਈਆਂ ਅਤੇ 52 ਗੇਂਦਾਂ 'ਤੇ ਅਰਧ ਸੈਂਕੜਾ ਲਗਾਇਆ। ਟੀ-20 ਵਿਸ਼ਵ ਦਾ ਇਹ ਸਭ ਤੋਂ ਹੌਲੀ ਅਰਧ ਸੈਂਕੜਾ ਹੈ। ਇਸ ਤੋਂ ਪਹਿਲਾਂ ਟੀ-20 ਵਿਸ਼ਵ ਕੱਪ ਵਿੱਚ ਸਭ ਤੋਂ ਹੌਲੀ ਅਰਧ ਸੈਂਕੜੇ ਦਾ ਰਿਕਾਰਡ ਡੇਵਿਡ ਮਿਲਰ ਦੇ ਨਾਂ ਸੀ ਜਿਸ ਨੇ ਨੀਦਰਲੈਂਡ ਖ਼ਿਲਾਫ਼ 50 ਗੇਂਦਾਂ ਵਿੱਚ ਅਰਧ ਸੈਂਕੜੇ ਦੀ ਪਾਰੀ ਖੇਡੀ ਸੀ। ਵੱਡੀ ਗੱਲ ਇਹ ਹੈ ਕਿ ਮਿਲਰ ਨੇ ਨਿਊਯਾਰਕ ਵਿੱਚ ਹੀ ਸਭ ਤੋਂ ਹੌਲੀ ਅਰਧ ਸੈਂਕੜਾ ਵੀ ਲਗਾਇਆ।
ਟੀ-20 ਵਿਸ਼ਵ ਕੱਪ ਵਿੱਚ ਸਭ ਤੋਂ ਹੌਲੀ ਅਰਧ ਸੈਂਕੜਾ (ਗੇਂਦਾਂ ਦੇ ਹਿਸਾਬ ਨਾਲ) ਬਣਾਉਣ ਵਾਲੇ ਖਿਡਾਰੀ
52- ਮੁਹੰਮਦ ਰਿਜ਼ਵਾਨ ਬਨਾਮ ਕੈਨੇਡਾ, ਨਿਊਯਾਰਕ, 2024*
50- ਡੇਵਿਡ ਮਿਲਰ ਬਨਾਮ ਨੀਦਰਲੈਂਡ, ਨਿਊਯਾਰਕ, 2024
49- ਡੇਵੋਨ ਸਮਿਥ ਬਨਾਮ ਬੰਗਲਾਦੇਸ਼, ਜੋ'ਬਰਗ, 2007
49- ਡੇਵਿਡ ਹਸੀ ਬਨਾਮ ਇੰਗਲੈਂਡ, ਬਾਰਬਾਡੋਸ, 2010
ਪਾਕਿਸਤਾਨ ਬਨਾਮ ਕੈਨੇਡਾ ਮੈਚ
ਮੈਚ ਦੀ ਗੱਲ ਕਰੀਏ ਤਾਂ ਪਾਕਿਸਤਾਨ ਕ੍ਰਿਕਟ ਟੀਮ ਨੇ ਟੀ-20 ਕ੍ਰਿਕਟ ਵਿਸ਼ਵ ਕੱਪ 2024 ਤੋਂ ਬਾਹਰ ਹੋਣ ਦੇ ਖਤਰੇ ਨੂੰ ਕੁਝ ਸਮੇਂ ਲਈ ਟਾਲ ਦਿੱਤਾ ਹੈ। ਨਿਊਯਾਰਕ ਦੇ ਲਾਂਗ ਆਈਲੈਂਡ ਦੇ ਨਾਸਾਓ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਕੈਨੇਡਾ ਖਿਲਾਫ 107 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨੀ ਟੀਮ ਨੇ 18ਵੇਂ ਓਵਰ 'ਚ ਜਿੱਤ ਹਾਸਲ ਕਰ ਲਈ। ਮੈਚ 'ਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਖੇਡਦਿਆਂ ਕੈਨੇਡਾ ਨੇ ਆਰੋਨ ਜੋਨਸਨ ਦੀਆਂ 52 ਦੌੜਾਂ ਅਤੇ ਕਲੀਮ ਸਨਾ ਦੀਆਂ 13 ਦੌੜਾਂ ਦੀ ਮਦਦ ਨਾਲ 7 ਵਿਕਟਾਂ ਗੁਆ ਕੇ 106 ਦੌੜਾਂ ਬਣਾਈਆਂ। ਜਵਾਬ ਵਿੱਚ ਪਾਕਿਸਤਾਨ ਲਈ ਰਿਜ਼ਵਾਨ ਨੇ ਅਰਧ ਸੈਂਕੜਾ ਅਤੇ ਬਾਬਰ ਆਜ਼ਮ ਨੇ 33 ਦੌੜਾਂ ਬਣਾ ਕੇ ਆਪਣੀ ਟੀਮ ਨੂੰ 7 ਵਿਕਟਾਂ ਨਾਲ ਜਿੱਤ ਦਿਵਾਈ।


Aarti dhillon

Content Editor

Related News