ਰਿਤਿਕਾ ਨੇ ਜਿੱਤਿਆ ਸੋਨਾ, ਭਾਰਤ ਏਸ਼ੀਆਈ ਅੰਡਰ-22 ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਚੌਥੇ ਸਥਾਨ ’ਤੇ ਰਿਹਾ
Tuesday, Aug 12, 2025 - 04:11 PM (IST)

ਬੈਂਕਾਕ– ਰਿਤਿਕਾ ਨੇ ਮਹਿਲਾਵਾਂ ਦੇ 80+ ਕਿ. ਗ੍ਰਾ. ਭਾਰ ਵਰਗ ਵਿਚ ਸੋਨ ਤਮਗਾ ਹਾਸਲ ਕੀਤਾ, ਜਿਸ ਨਾਲ ਭਾਰਤ ਨੇ ਸੋਮਵਾਰ ਨੂੰ ਇੱਥੇ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਅੰਡਰ-22 ਵਰਗ ਦੀ ਤਮਗਾ ਅੰਕ ਸੂਚੀ ਵਿਚ ਆਪਣੀ ਮੁਹਿੰਮ ਚੌਥੇ ਸਥਾਨ ’ਤੇ ਖਤਮ ਕੀਤੀ। ਭਾਰਤੀ ਅੰਡਰ-22 ਟੀਮ ਨੇ ਕੁੱਲ 13 ਤਮਗਿਆਂ ਦੇ ਨਾਲ ਆਪਣੀ ਮੁਹਿੰਮ ਦੀ ਸਮਾਪਤੀ ਕੀਤੀ ਜਦਕਿ ਅੰਡਰ-19 ਮੁੱਕੇਬਾਜ਼ਾਂ ਨੇ ਕੁੱਲ 14 ਤਮਗੇ (3 ਸੋਨ, 7 ਚਾਂਦੀ ਤੇ 4 ਕਾਂਸੀ) ਦੇ ਨਾਲ ਅੰਕ ਸੂਚੀ ਵਿਚ ਦੂਜਾ ਸਥਾਨ ਹਾਸਲ ਕੀਤਾ।
ਪ੍ਰਤੀਯੋਗਿਤਾ ਦੇ ਆਖਰੀ ਦਿਨ ਪੰਜ ਭਾਰਤੀ ਮੁੱਕੇਬਾਜ਼ਾਂ ਵਿਚੋਂ ਸਿਰਫ ਰਿਤਿਕਾ ਹੀ ਭਾਰਤ ਨੂੰ ਸੋਨ ਤਮਗਾ ਦਿਵਾ ਸਕੀ। ਉਸ ਨੇ ਕਜ਼ਾਕਿਸਤਾਨ ਦੀ ਮੁੱਕੇਬਾਜ਼ ਓਸੇਲ ਤੋਕਤਾਸਯਨ ਨੂੰ ਹਰਾ ਕੇ ਅੰਡਰ-22 ਵਰਗ ਵਿਚ ਭਾਰਤ ਨੂੰ ਚੌਥਾ ਸੋਨ ਤਮਗਾ ਦਿਵਾਉਣ ਵਿਚ ਸਫਲ ਰਹੀ।
ਯਾਤਰੀ ਪਟੇਲ ਨੂੰ ਮਹਿਲਾ 57 ਕਿ. ਗ੍ਰਾ. ਵਰਗ ਵਿਚ ਉਜ਼ਬੇਕਿਸਤਾਨ ਦੀ ਖੁਮੋਰਾਬੋਨੂ ਮਾਮਾਜੋਨੋਵਾ ਹੱਥੋਂ ਹਾਰ ਕੇ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ ਜਦਕਿ 60 ਕਿ. ਗ੍ਰਾ. ਦੇ ਫਾਈਨਲ ਵਿਚ ਚੀਨ ਦੀ ਯੂ ਤਿਆਨ ਨੂੰ ਜ਼ੋਰਦਾਰ ਟੱਕਰ ਦੇਣ ਦੇ ਬਾਵਜੂਦ ਪ੍ਰਿਯਾ ਨੂੰ 2-3 ਦੇ ਮਾਮੂਲੀ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਨੀਰਜ ਨੂੰ ਪੁਰਸ਼ਾਂ 75 ਕਿ. ਗ੍ਰਾ.ਫਾਈਨਲ ਵਿਚ ਉਜ਼ਬੇਕਿਸਤਾਨ ਦੇ ਸ਼ਾਵਕਤਜੋਨ ਬੋਲਟਾਯੇਵ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਈਸ਼ਾਨ ਕਟਾਰੀਆ 90+ ਕਿ. ਗ੍ਰਾ. ਦੇ ਸੋਨ ਤਮਗਾ ਮੁਕਾਬਲੇ ਵਿਚ ਉਜ਼ਬੇਕਿਸਤਾਨ ਦੇ ਖਲੀਮਜੋਨ ਮਾਮਸੋਲਿਏਵ ਹੱਥੋਂ ਹਾਰ ਗਿਆ, ਜਿਸ ਨਾਲ ਦੋਵਾਂ ਭਾਰਤੀ ਪੁਰਸ਼ ਮੁੱਕੇਬਾਜ਼ਾਂ ਨੇ ਚਾਂਦੀ ਤਮਗਾ ਹਾਸਲ ਕੀਤਾ।