ਪੰਤ ਘਰੇਲੂ ਕ੍ਰਿਕਟ ਖੇਡ ਕੇ ਖੁਦ ਨੂੰ ਨਿਖਾਰੇ : ਸਈਅਦ ਕਿਰਮਾਨੀ
Sunday, Dec 15, 2019 - 01:49 PM (IST)

ਲਖਨਊ— ਖ਼ਰਾਬ ਫਾਰਮ ਨਾਲ ਜੂਝ ਰਹੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਟੀਮ 'ਚੋਂ ਬਾਹਰ ਰੱਖਣ ਨੂੰ ਲੈ ਕੇ ਜਾਰੀ ਚਰਚਾਵਾਂ ਵਿਚਾਲੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਵਿਕਟਕੀਪਰ ਸਈਅਦ ਕਿਰਮਾਨੀ ਦਾ ਮੰਨਣਾ ਹੈ ਕਿ ਪੰਤ ਨੂੰ ਘਰੇਲੂ ਕ੍ਰਿਕਟ 'ਚ ਪਰਤ ਕੇ ਖੁਦ ਨੂੰ ਨਿਖਾਰਨ ਦੀ ਜ਼ਰੂਰਤ ਹੈ।
ਕਿਰਮਾਨੀ ਨੇ ਇਕ ਇੰਟਰਵਿਊ 'ਚ ਕਿਹਾ ਕਿ ਪੰਤ ਯਕੀਨੀ ਤੌਰ 'ਤੇ ਬੇਹੱਦ ਹੁਨਰਮੰਦ ਹੈ ਪਰ ਕੌਮਾਂਤਰੀ ਪੱਧਰ 'ਤੇ ਚੰਗਾ ਪ੍ਰਦਰਸ਼ਨ ਕਰਨ ਲਈ ਉਸ ਨੂੰ ਅਜੇ ਘਰੇਲੂ ਕ੍ਰਿਕਟ 'ਚ ਪਰਤ ਕੇ ਖੁਦ ਨੂੰ ਨਿਖਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਤ ਨੂੰ ਅਜੇ ਕਾਫੀ ਨਿਖਾਰੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਕ੍ਰਿਕਟ ਖੇਡਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਦੀ ਖੇਡ ਨਿਖਰ ਸਕੇ। ਕਿਰਮਾਨੀ ਨੇ ਲੋਕੇਸ਼ ਰਾਹੁਲ ਦਾ ਉਦਾਹਰਨ ਦਿੰਦੇ ਹੋਏ ਕਿਹਾ ਕਿ ਇਹ ਬੱਲੇਬਾਜ਼ ਜਦੋਂ ਖਰਾਬ ਦੌਰ 'ਚੋਂ ਗੁਜ਼ਰ ਰਿਹਾ ਸੀ ਤਾਂ ਉਸ ਨੇ ਘਰੇਲੂ ਕ੍ਰਿਕਟ ਦਾ ਰੁਖ ਕੀਤਾ ਅਤੇ ਰਣਜੀ ਟਰਾਫੀ ਅਤੇ ਹੋਰ ਘਰੇਲੂ ਟੂਰਨਾਮੈਂਟ 'ਚ ਕਾਫੀ ਦੌੜਾਂ ਬਣਾ ਕੇ ਟੀਮ ਇੰਡੀਆ 'ਚ ਵਾਪਸੀ ਕੀਤੀ।
ਭਾਰਤ ਵੱਲੋਂ 88 ਟੈਸਟ ਅਤੇ 49 ਵਨ-ਡੇ ਖੇਡ ਚੁੱਕੇ ਕਿਰਮਾਨੀ ਨੇ ਕਿਹਾ ਕਿ ਭਾਰਤ ਕੋਲ ਦਿਨੇਸ਼ ਕਾਰਤਿਕ, ਰਿਧੀਮਾਨ ਸਾਹਾ ਅਤੇ ਸੰਜੂ ਸੈਮਸਨ ਦੇ ਰੂਪ 'ਚ ਵਿਕਟਕੀਪਿੰਗ ਦੇ ਕਈ ਚੰਗੇ ਬਦਲ ਮੌਜੂਦ ਹਨ ਜੋ ਪੰਤ ਦੇ ਮੁਕਾਬਲੇ ਜ਼ਿਆਦਾ ਸਮਰਥਾਵਾਨ ਹਨ। ਉਨ੍ਹਾਂ ਨੂੰ ਵੀ ਮੌਕੇ ਦਿੱਤੇ ਜਾਣੇ ਚਾਹੀਦੇ ਹਨ। ਹੋਰਨਾਂ ਸੂਬਿਆਂ ਦੇ ਵਿਕਟਕੀਪਰ ਵੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਮੇਰੇ ਹਿਸਾਬ ਨਾਲ ਪ੍ਰਦਰਸ਼ਨ ਨੂੰ ਹੀ ਚੋਣ ਦਾ ਆਧਾਰ ਬਣਾਇਆ ਜਾਣਾ ਚਾਹੀਦਾ ਹੈ। ਕਿਰਮਾਨੀ ਨੇ ਰਾਹੁਲ ਨੂੰ ਆਲਟਾਈਮ ਵਿਕਟਕੀਪਰ ਦੇ ਤੌਰ 'ਤੇ ਇਸਤੇਮਾਲ ਕਰਨ ਦੇ ਵਿਚਾਰ ਨਾਲ ਅਸਹਿਮਤੀ ਜ਼ਾਹਰ ਕਰਦੇ ਹੋਏ ਕਿਹਾ ਕਿ ਉਹ ਮੌਲਿਕ (ਮੁੱਢਲਾ) ਵਿਕਟਕੀਪਰ ਨਹੀਂ ਹੈ।