ਰਿਕੀ ਬ੍ਰਾਬੇਕ ਨੇ 31 ਸਾਲ ਬਾਅਦ ਹੌਂਡਾ ਨੂੰ ਡਕਾਰ ਦਾ ਜੇਤੂ ਬਣਾਇਆ

01/18/2020 6:28:49 PM

ਰਿਆਦ : ਅਮਰੀਕੀ ਰਾਈਡਰ ਰਿਕੀ ਬ੍ਰਾਬੇਕ ਨੇ ਇੱਥੇ ਖਤਮ ਹੋਈ ਡਕਾਰ ਰੈਲੀ 2020 ਦੇ 12ਵੇਂ ਸੈਸ਼ਨ ਤੋਂ ਬਾਅਦ ਓਵਰਆਲ ਰੈਂਕਿੰਗ ਵਿਚ ਚੋਟੀ 'ਤੇ ਰਹਿੰਦੇ ਹੋਏ ਹੋਂਡਾ ਨੂੰ 31 ਸਾਲ ਤੋਂ ਬਾਅਦ ਚੈਂਪੀਅਨ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ। ਮੋਂਸਟਰ ਐਨਰਜੀ ਹੋਂਡਾ ਟੀਮ ਫੈਕਟਰੀ ਦੇ ਇਸ ਡਰਾਈਵਰ ਨੇ ਸੀ. ਆਰ. ਐੱਫ. 450 ਰੈਲੀ ਬਾਈਕ ਨਾਲ ਇਹ ਜਿੱਤ ਦਰਜ ਕੀਤੀ। ਪਹਿਲੀ ਵਾਰ ਇਸ ਟੀਮ ਨਾਲ ਜੁੜੇ 28 ਸਾਲਾ ਬ੍ਰਾਬੇਕ ਲਈ ਇਹ ਪੰਜਵੀਂ ਡਕਾਰ ਰੈਲੀ ਸੀ। ਉਸ ਨੇ ਤੀਜੇ ਗੇੜ ਵਿਚ ਜਿੱਤ ਦਰਜ ਕਰਨ ਤੋਂ ਬਾਅਦ ਆਖਿਰ ਤਕ ਆਪਣੀ ਓਵਰਆਲ ਬੜ੍ਹਤ ਬਰਕਰਾਰ ਰੱਖੀ। ਉਸਦੇ ਟੀਮ ਦੇ ਜੋਸ਼ ਇਗਨਾਸੀਓ ਕੋਨਰਜੋ ਚੌਥੇ ਤੇ ਯੂਆਨ ਬਾਰਡਰ ਸੱਤਵੇਂ ਸਥਾਨ 'ਤੇ ਰਿਹਾ।

PunjabKesari

ਹੋਂਡਾ ਨੇ ਪਿਛਲੀ ਵਾਰ 1989 ਵਿਚ ਡਕਾਰ ਰੈਲੀ ਵਿਚ ਜਿੱਤ ਕੀਤੀ ਸੀ। ਡਕਾਰ ਰੈਲੀ ਦਾ ਇਹ 42ਵਾਂ ਸੈਸ਼ਨ ਭਾਰਤੀ ਕੰਪਨੀ ਹੀਰੋ ਮੋਟਰਸਪੋਰਟਸ ਰੈਲੀ ਟੀਮ ਤੇ ਸ਼ੇਰੇਕੋ ਟੀ. ਵੀ. ਐੱਸ. ਰੈਲੀ ਫੈਕਟਰੀ ਲਈ ਨਿਰਾਸ਼ਾਜਨਕ ਰਿਹਾ। ਹੀਰੋ ਮੋਟਰਸਪੋਰਟਸ ਨੇ ਰੈਲੀ ਦੌਰਾਨ ਟੀਮ ਦੇ ਰਾਈਡਰ ਪਾਓਲੋਂ ਗੋਂਸਾਲਵੇਜ ਦੇ ਦਿਹਾਂਤ ਤੋਂ ਬਾਅਦ ਇਸ ਤੋਂ ਹਟਣ ਦਾ ਫੈਸਲਾ ਕੀਤਾ। ਟੀਮ ਦੀ ਰੈਲੀ ਤੋਂ ਹਟਣ ਦੇ ਸਮੇਂ ਭਾਰਤੀ ਰਾਈਡਰ ਸੀ. ਐੱਸ. ਸੰਤੋਸ਼ ਓਵਰਆਲ ਰੈਂਕਿੰਗ ਵਿਚ 32ਵੇਂ ਸਥਾਨ 'ਤੇ ਸੀ ਜਦਕਿ ਟੀ. ਵੀ. ਐੱਸ. ਦੇ ਸਿਰਫ ਇਕ ਰਾਈਡਰ ਐਂਡ੍ਰਿਅਨ ਮੇਟਗੇ ਨੇ ਰੈਂਕਿੰਗ ਹਾਸਲ ਕੀਤੀ, ਜਿਹੜਾ ਓਵਰਆਲ 12ਵੇਂ ਸਥਾਨ 'ਤੇ ਰਿਹਾ। ਟੀਮ ਨਾਲ ਜੁੜੇ ਭਾਰਤੀ ਰਾਈਡਰ ਹਰਿਥ ਨੋਹਾ ਇੰਜਣ ਵਿਚ ਆਈ ਖਰਾਬੀ ਦੇ ਕਾਰਣ ਚੌਥਾ ਗੇੜ ਪੂਰਾ ਨਹੀਂ ਕਰ ਸਕਿਆ ਸੀ। ਉਸ ਨੇ ਹਾਲਾਂਕਿ ਵਾਈਲਡ ਕਾਰਡ ਦੀ ਮਦਦ ਨਾਲ 12ਵੇਂ ਗੇੜ ਤਕ ਦੀ ਰੈਲੀ ਵਿਚ ਹਿੱਸਾ ਲਿਆ ਪਰ ਉਹ ਰੈਂਕਿੰਗ ਦਾ ਹੱਕਦਾਰ ਨਹੀਂ ਰਿਹਾ। ਡਕਾਰ ਰੈਲੀ ਨੂੰ ਪਹਿਲੀ ਵਾਰ 1979 ਵਿਚ ਆਯੋਜਿਤ ਕੀਤਾ ਗਿਆ ਸੀ। ਇਸ ਨੂੰ ਦੁਨੀਆ ਵਿਚ ਸਭ ਤੋਂ ਖਤਰਨਾਕ  ਖੇਡ ਪ੍ਰਤੀਯੋਗਿਤਾ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਇਸ ਸਾਲ ਪਹਿਲੀ ਵਾਰ ਸਾਊਦੀ ਅਰਬ ਵਿਚ ਇਸਦਾ ਆਯੋਜਨ ਹੋਇਆ, ਜਿੱਥੇ ਰਾਈਡਰਾਂ ਤੇ ਡਰਾਈਵਰਾਂ ਨੂੰ 13 ਦਿਨਾਂ ਵਿਚ 12 ਗੇੜਾਂ ਵਿਚ 7000 ਕਿ. ਮੀ. (ਜਿਨ੍ਹਾਂ ਵਿਚ 75 ਫੀਸਦੀ ਰੇਗਿਸਤਾਨ ਵਿਚ ਸੀ) ਦੀ ਦੂਰੀ ਤੈਅ ਕਰਨੀ ਸੀ।


Related News