ਦਿ ਰੌਕ ਦਾ ਰੈਸਲਿੰਗ ਤੋਂ ਸੰਨਿਆਸ, ''ਡੈੱਡਪੂਲ-3'' ਫਿਲਮ ''ਚ ਕੰਮ ਕਰਨ ਦੀ ਜਤਾਈ ਇੱਛਾ
Sunday, Aug 04, 2019 - 09:30 PM (IST)
ਜਲੰਧਰ - ਡਬਲਯੂ. ਡਬਲਯੂ. ਈ. ਦੇ ਮਹਾਨ ਰੈਸਲਰ ਡਵੇਨ ਜਾਨਸਨ ਯਾਨੀ ਦਿ ਰੌਕ ਨੇ ਰੈਸਲਿੰਗ ਕਰੀਅਰ ਤੋਂ ਸੰਨਿਆਸ ਲੈ ਲਿਆ ਹੈ। ਰੌਕ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਹਾਂ, ਮੈਂ ਰੈਸਲਿੰਗ ਤੋਂ ਚੁੱਪ-ਚੁਪੀਤੇ ਰਿਟਾਇਰ ਹੋ ਗਿਆ ਹਾਂ ਕਿਉਂਕਿ ਮੈਂ ਬਹੁਤ ਲੱਕੀ ਸੀ ਕਿ ਮੇਰੇ ਕੋਲ ਅਸਲ 'ਚ ਇਕ ਸ਼ਾਨਦਾਰ ਕਰੀਅਰ ਸੀ ਅਤੇ ਜਿਹੜਾ ਮੈਂ ਪੂਰਾ ਕਰਨਾ ਚਾਹੁੰਦਾ ਸੀ । ਉਸ ਨੇ ਨਾਲ ਹੀ ਕਿਹਾ ਕਿ ਲਾਈਵ ਭੀੜ, ਲਾਈਵ ਦਰਸ਼ਕ, ਲਾਈਵ ਮਾਈਕ੍ਰੋਫੋਨ ਦਾ ਕੋਈ ਸਾਨੀ ਨਹੀਂ ਹੈ।

ਰੌਕ ਨੇ ਇਸ ਦੇ ਨਾਲ ਹੀ ਬਾਲੀਵੁੱਡ ਫਿਲਮ 'ਡੈੱਡਪੂਲ' ਦੇ ਤੀਜੇ ਸੈਸ਼ਨ ਵਿਚ ਕੰਮ ਕਰਨ ਦੀ ਇੱਛਾ ਵੀ ਜਤਾਈ। ਆਪਣੀ ਫਿਲਮ 'ਹੌਬਸ ਐਂਡ ਸ਼ਾਅ' ਦੀ ਪ੍ਰਮੋਸ਼ਨ 'ਤੇ ਰੌਕ ਨੇ ਕਿਹਾ ਕਿ ਰਿਆਨ ਰੇਨੋਲਡ ਦੇ ਨਾਲ ਕੰਮ ਕਰ ਕੇ ਉਸ ਨੂੰ ਬੇਹੱਦ ਖੁਸ਼ੀ ਹੋਵੇਗੀ।
ਜ਼ਿਕਰਯੋਗ ਹੈ ਕਿ ਰੌਕ 15 ਸਾਲ ਪਹਿਲਾਂ ਆਪਣੇ ਹਾਲੀਵੁੱਡ ਦੇ ਸੁਪਨੇ ਨੂੰ ਪੂਰਾ ਕਰਨ ਲਈ ਰੈਸਲਿੰਗ ਰਿੰਗ ਨੂੰ ਛੱਡ ਗਿਆ ਸੀ। ਹਾਲਾਂਕਿ ਇਸ ਦੌਰਾਨ ਕਦੇ-ਕਦੇ ਉਹ ਰਿੰਗ ਵਿਚ ਵੀ ਹਾਜ਼ਰੀ ਲਾਉਂਦਾ ਰਿਹਾ। 2012 ਅਤੇ 2013 ਵਿਚ ਉਸ ਦੀ ਰੈਸਲਮੇਨੀਆ ਸ਼ੋਅ ਡਾਊਨ ਵਿਚ ਦਿੱਤੀ ਗਈ ਪੇਸ਼ਕਾਰੀ ਅੱਜ ਤਕ ਯਾਦ ਰੱਖੀ ਜਾਂਦੀ ਹੈ। ਰੌਕ ਨੇ ਆਪਣੀ ਆਖਰੀ ਫਾਈਟ ਰੈਸਲਮੇਨੀਆ-32 ਦੌਰਾਨ ਐਰਿਕ ਰੋਵਨ ਵਿਰੁੱਧ ਕੀਤੀ ਸੀ। ਇਸ ਵਿਚ ਰੌਕ ਸਿਰਫ 6 ਸੈਕੰਡ ਵਿਚ ਜਿੱਤ ਗਿਆ ਸੀ। ਰੌਕ ਦੀ ਅਜੇ 'ਫਾਸਟ ਐਂਡ ਫਿਊਰੀਅਸ' ਫਿਲਮ ਰਿਲੀਜ਼ ਹੋਈ ਹੈ। ਉਹ ਪਿਛਲੇ ਸਾਲ 'ਜੁਮਾਂਜੀ' ਦੇ ਸੀਕਵਲ ਵਿਚ ਵੀ ਨਜ਼ਰ ਆਇਆ ਸੀ। ਇਕੱਲਾ ਰੌਕ ਹੀ ਨਹੀਂ, ਸਗੋਂ ਇਸ ਸਾਲ ਡੇਵ ਬਤਿਸਤਾ ਵੀ ਆਪਣੇ ਰੈਸਲਿੰਗ ਕਰੀਅਰ ਨੂੰ ਆਰਾਮ ਦੇ ਚੁੱਕਾ ਹੈ। ਬਤਿਸਤਾ ਨੇ ਅਪ੍ਰੈਲ 'ਚ ਹੋਏ ਰੈਸਲਮੇਨੀਆ ਈਵੈਂਟ ਦੌਰਾਨ ਟ੍ਰਿਪਲ ਐੱਚ ਤੋਂ ਹਾਰ ਜਾਣ ਤੋਂ ਬਾਅਦ ਸੰਨਿਆਸ ਲੈ ਲਿਆ ਸੀ।
