ਰੇਣੂਕਾ ਸਿੰਘ ਗੇਂਦਬਾਜ਼ਾਂ ਦੀ ਟੀ-20 ਰੈਂਕਿੰਗ ’ਚ 13ਵੇਂ ਸਥਾਨ ’ਤੇ, ਦੀਪਤੀ ਸਤਵੇਂ ਸਥਾਨ ''ਤੇ ਬਰਕਰਾਰ

Wednesday, Sep 14, 2022 - 03:06 PM (IST)

ਦੁਬਈ– ਭਾਰਤੀ ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਦੀ ਮੰਗਲਵਾਰ ਨੂੰ ਜਾਰੀ ਨਵੀਂ ਮਹਿਲਾ ਟੀ-20 ਕੌਮਾਂਤਰੀ ਰੈਂਕਿੰਗ ਵਿਚ ਗੇਂਦਬਾਜ਼ਾਂ ਦੀ ਸੂਚੀ ਵਿਚ 5 ਸਥਾਨਾਂ ਦੀ ਛਲਾਂਗ ਨਾਲ 13ਵੇਂ ਸਥਾਨ ’ਤੇ ਪੁੱਜ ਗਈ ਹੈ ਜਦਕਿ ਸਪਿਨਰ ਦੀਪਤੀ ਸ਼ਰਮਾ 7ਵੇਂ ਸਥਾਨ ’ਤੇ ਬਰਕਰਾਰ ਹੈ। ਪਿਛਲੇ ਹਫਤੇ ਚੇਸਟਰ ਲੀ ਸਟ੍ਰੀਟ ਵਿਚ ਪਹਿਲੇ ਟੀ-20 ਕੌਮਾਂਤਰੀ ਵਿਚ ਇੰਗਲੈਂਡ ਵਿਰੁੱਧ ਭਾਰਤ ਦੀ 9 ਵਿਕਟਾਂ ਦੀ ਹਾਰ ਦੌਰਾਨ ਚਾਰ ਓਵਰਾਂ ਵਿਚ ਸਿਰਫ 23 ਦੌੜਾਂ ਦੇ ਕੇ ਕਫਾਇਤੀ ਗੇਂਦਬਾਜ਼ੀ ਕਰਨ ਵਾਲੀ ਰੇਣੂਕਾ ਨੂੰ 612 ਰੇਟਿੰਗ ਅੰਕ ਮਿਲੇ ਹਨ। 

ਇਹ ਵੀ ਪੜ੍ਹੋ : 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਜ਼ਿਲ੍ਹਾ ਪੱਧਰੀ ਪਾਵਰਲਿਫਟਿੰਗ ਚੈਂਪੀਅਨਸ਼ਿਪ ਜਲੰਧਰ 'ਚ 19 ਸਤੰਬਰ ਨੂੰ

ਦੀਪਤੀ ਸ਼ਰਮਾ ਟਾਪ-10 ਵਿਚ ਇਕਲੌਤੀ ਭਾਰਤੀ ਗੇਂਦਬਾਜ਼ੀ ਬਣੀ ਹੈ ਜਦਕਿ ਆਲਰਾਊਂਡਰਾਂ ਦੀ ਸੂਚੀ ਵਿਚ ਉਹ ਚੌਥੇ ਸਥਾਨ ’ਤੇ ਬਰਕਰਾਰ ਹੈ। ਬੱਲੇਬਾਜ਼ਾਂ ਦੀ ਸੂਚੀ ਵਿਚ ਉਹ ਤਿੰਨ ਸਥਾਨ ਉੱਪਰ 33ਵੇਂ ਤੇ ਧਮਾਕੇਦਾਰ ਬੱਲੇਬਾਜ਼ ਰਿਚਾ ਘੋਸ਼ ਚਾਰ ਸਥਾਨ ਉੱਪਰ 75ਵੇਂ ਸਥਾਨ ’ਤੇ ਪਹੁੰਚ ਗਈ ਹੈ। ਬੱਲੇਬਾਜ਼ੀ ਰੈਂਕਿੰਗ ਵਿਚ ਸਮ੍ਰਿਤੀ ਮੰਧਾਨਾ (710 ਅੰਕ) ਚੌਥੇ ਸਥਾਨ ਦੇ ਨਾਲ ਸਰਵਸ੍ਰੇਸ਼ਠ ਰੈਂਕਿੰਗ ਵਾਲੀ ਭਾਰਤੀ ਖਿਡਾਰਨ ਹੈ ਜਦਕਿ ਸ਼ੈਫਾਲੀ ਵਰਮਾ (686) ਤੇ ਜੇਮਿਮਾ ਰੋਡ੍ਰਿਗੇਜ਼ (624) ਕ੍ਰਮਵਾਰ 6ਵੇਂ ਤੇ 10ਵੇਂ ਸਥਾਨ ’ਤੇ ਹਨ।

ਇਹ ਵੀ ਪੜ੍ਹੋ : T20 WC ਦੀ 15 ਮੈਂਬਰੀ ਟੀਮ 'ਚ ਸ਼ੰਮੀ ਨੂੰ ਨਾ ਦੇਖ ਨਾਰਾਜ਼ ਹੋਏ ਮਦਨ ਲਾਲ, ਦਿੱਤਾ ਇਹ ਬਿਆਨ

ਇੰਗਲੈਂਡ ਦੀ ਆਲਰਾਊਂਡਰ ਸਾਰਾ ਗਲੇਨ ਭਾਰਤ ਖ਼ਿਲਾਫ਼ ਤਿੰਨ ਟੀ-20 ਕੌਮਾਂਤਰੀ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹਮਵਤਨ ਸੋਫੀ ਐਕਲੇਸਟੋਨ ਦੇ ਨੇੜੇ ਪਹੁੰਚ ਗਈ ਹੈ। ਸਾਰਾ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ ਦੀ ਬਰਾਬਰੀ ਕਰਦੇ ਹੋਏ ਦੂਜੇ ਸਥਾਨ ’ਤੇ ਹੈ ਤੇ ਖੱਬੇ ਹੱਥ ਦੀ ਸਪਿਨਰ ਸੋਫੀ ਤੋਂ ਸਿਰਫ 13 ਰੇਟਿੰਗ ਅੰਕ ਪਿੱਛੇ ਹੈ। ਇੰਗਲੈਂਡ ਦੀ ਬੱਲੇਬਾਜ਼ ਸੋਫੀਆ ਡੰਕਲੇ ਤੇ ਐਲਿਸ ਕੈਪਸੀ ਦੀ ਰੈਂਕਿੰਗ ਵਿਚ ਵੀ ਪਹਿਲੇ ਮੈਚ ਤੋਂ ਬਾਅਦ ਸੁਧਾਰ ਹੋਇਆ ਹੈ। ਸੋਫੀਆ 44 ਗੇਂਦਾਂ ਵਿਚ ਅਜੇਤੂ 61 ਦੌੜਾਂ ਦੀ ਪਾਰੀ ਨਾਲ 13 ਸਥਾਨ ਉੱਪਰ 44ਵੇਂ ਸਥਾਨ ’ਤੇ ਪਹੁੰਚ ਗਈ ਹੈ ਜਦਕਿ ਐਲਿਸ 20 ਗੇਂਦਾਂ ’ਤੇ ਅਜੇਤੂ 32 ਦੌੜਾਂ ਦੀ ਪਾਰੀ ਖੇਡ ਕੇ 12 ਸਥਾਨਾਂ ਦੇ ਫਾਇਦੇ ਨਾਲ 52ਵੇਂ ਸਥਾਨ ’ਤੇ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News