ਮੋਬਾਇਲ ਦੇਖ ਕੇ ਗੋਲ ਰੱਦ ਕਰਨ ਵਾਲਾ ਰੈਫਰੀ ਮੁਅੱਤਲ
Wednesday, Mar 22, 2023 - 08:10 PM (IST)

ਮਿਸਰ : ਮਿਸਰ ਫੁੱਟਬਾਲ ਫੈਡਰੇਸ਼ਨ (ਈਐਫਏ) ਨੇ ਮੋਬਾਇਲ ਫੋਨ 'ਤੇ ਰੀਪਲੇਅ ਦੇਖਣ ਤੋਂ ਬਾਅਦ ਗੋਲ ਰੱਦ ਕਰਨ ਦੇ ਕਾਰਨ ਇੱਕ ਰੈਫਰੀ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਮੁਨਤਖ਼ਾਬ ਅਲ-ਸੁਏਜ਼ ਅਤੇ ਅਲ-ਨਸਰ ਐਫਸੀ ਦਰਮਿਆਨ ਖੇਡਿਆ ਗਿਆ ਮੁਕਾਬਲਾ ਦੂਜੇ ਡਿਵੀਜ਼ਨ ਦਾ ਹੋਣ ਕਾਰਨ ਇਸ ਵਿੱਚ ਵੀਏਆਰ (ਵੀਡੀਓ ਰੈਫਰੀ) ਪ੍ਰਣਾਲੀ ਦੀ ਵਰਤੋਂ ਨਹੀਂ ਕੀਤੀ ਗਈ ਸੀ। ਅਲ-ਨਸਰ ਨੇ ਸੋਚਿਆ ਕਿ ਉਸਨੇ ਦੇਰ ਨਾਲ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਲਿਆ ਸੀ, ਪਰ ਸੁਏਜ਼ ਨੇ ਰੈਫਰੀ ਤੋਂ ਹੈਂਡਬਾਲ ਦਾ ਦਾਅਵਾ ਕੀਤਾ।
ਰੈਫਰੀ ਨੇ ਕੁਝ ਦੇਰ ਫੋਨ 'ਤੇ ਰੀਪਲੇਅ ਦੇਖਣ ਤੋਂ ਬਾਅਦ ਗੋਲ ਨੂੰ ਗੈਰ ਉੱਚਿਤ ਕਰਾਰ ਦਿੱਤਾ। ਸੁਏਜ਼ ਨੇ ਅੱਗੇ ਚਲ ਕੇ ਮੈਚ 3-1 ਨਾਲ ਜਿੱਤ ਲਿਆ। ਈਐਫਏ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ, ਵਿਟੋਰ ਪਰੇਰਾ ਦੀ ਅਗਵਾਈ ਵਾਲੀ ਰੈਫਰੀ ਕਮੇਟੀ ਨੇ ਅਲ-ਨਸਰ ਅਤੇ ਅਲ-ਸੁਏਜ਼ ਮੈਚਾਂ ਦੇ ਰੈਫਰੀਆਂ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ।
ਈਐਫਏ ਨੇ ਕਿਹਾ, "ਕਮੇਟੀ ਨੇ ਉਸ ਘਟਨਾ ਦੀ ਜਾਂਚ ਕਰਨ ਦਾ ਫੈਸਲਾ ਕੀਤਾ ਜਿੱਥੇ ਮੈਚ ਰੈਫਰੀ ਮੁਹੰਮਦ ਫਾਰੂਕ ਨੇ ਮੈਚ ਦੀਆਂ ਘਟਨਾਵਾਂ ਦੀ ਫੁਟੇਜ ਦੀ ਸਮੀਖਿਆ ਕਰਨ ਲਈ ਮੋਬਾਇਲ ਫੋਨ ਦੀ ਵਰਤੋਂ ਕੀਤੀ।" ਅਲ-ਨਸਰ ਦੇ ਖਿਡਾਰੀਆਂ ਅਤੇ ਅਧਿਕਾਰੀਆਂ ਦੇ ਵਿਰੋਧ ਦੇ ਵਿਚਕਾਰ ਫਾਰੂਕ ਨੂੰ ਪੁਲਿਸ ਸੁਰੱਖਿਆ ਹੇਠ ਪਿੱਚ ਤੋਂ ਬਾਹਰ ਲਿਜਾਇਆ ਗਿਆ। ਅਲ-ਨਸਰ ਦੇ ਅਧਿਕਾਰੀਆਂ ਨੇ ਨਿਯਮਾਂ ਦੀ ਉਲੰਘਣਾ ਕਰਨ ਲਈ ਰੈਫਰੀ ਵਿਰੁੱਧ ਕਾਨੂੰਨੀ ਕਾਰਵਾਈ ਦੀ ਧਮਕੀ ਵੀ ਦਿੱਤੀ।