IPL 2023 : ਰੋਮਾਂਚਕ ਮੁਕਾਬਲੇ ’ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਰਾਜਸਥਾਨ ਨੂੰ 7 ਦੌੜਾਂ ਨਾਲ ਹਰਾਇਆ
Sunday, Apr 23, 2023 - 08:19 PM (IST)

ਬੈਂਗਲੁਰੂ (ਭਾਸ਼ਾ)–ਗਲੇਨ ਮੈਕਸਵੈੱਲ ਤੇ ਫਾਫ ਡੂ ਪਲੇਸਿਸ ਦੀ ਤਾਬੜਤੋੜ ਬੱਲੇਬਾਜ਼ੀ ਤੋਂ ਬਾਅਦ ਹਰਸ਼ਲ ਪਟੇਲ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਨਾਲ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਆਈ. ਪੀ. ਐੱਲ. ਟੀ-20 ਮੁਕਾਬਲੇ ਵਿਚ ਐਤਵਾਰ ਨੂੰ ਇਥੇ ਰਾਜਸਥਾਨ ਰਾਇਲਜ਼ ਨੂੰ 7 ਦੌੜਾਂ ਨਾਲ ਹਰਾ ਦਿੱਤਾ। ਮੈਕਸਵੈੱਲ ਨੇ ਹਮਲਵਾਰ ਰੁਖ਼ ਅਖਤਿਆਰ ਕਰਦੇ ਹੋਏ 44 ਗੇਂਦਾਂ ’ਚ 77 ਦੌੜਾਂ ਦੀ ਪਾਰੀ ਦੌਰਾਨ ਛੇ ਚੌਕੇ ਤੇ ਚਾਰ ਛੱਕੇ ਲਗਾਏ। ਪਲੇਸਿਸ ਨੇ ਉਸ ਦਾ ਚੰਗਾ ਸਾਥ ਦਿੰਦੇ ਹੋਏ 39 ਗੇਂਦਾਂ ’ਚ 62 ਦੌੜਾਂ ਦੀ ਪਾਰੀ ’ਚ 8 ਚੌਕੇ ਤੇ 2 ਛੱਕੇ ਲਗਾਏ। ਦੋਵਾਂ ਨੇ ਤੀਜੀ ਵਿਕਟ ਲਈ ਸਿਰਫ 66 ਗੇਂਦਾਂ ’ਚ 127 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਆਰ. ਸੀ. ਬੀ. ਨੇ 9 ਵਿਕਟਾਂ ’ਤੇ 189 ਦੌੜਾਂ ਬਣਾਈਆਂ।
ਟੀਮ ਨੇ ਇਸ ਤੋਂ ਬਾਅਦ ਰਾਜਸਥਾਨ ਰਾਇਲਜ਼ ਨੂੰ 6 ਵਿਕਟਾਂ ’ਤੇ 182 ਦੌੜਾਂ ’ਤੇ ਰੋਕ ਦਿੱਤਾ। ਬੈਂਗਲੁਰੂ ਦੀ ਇਹ 7 ਮੈਚਾਂ ’ਚ ਚੌਥੀ ਜਿੱਤ ਹੈ ਤੇ ਰਾਜਸਥਾਨ ਦੀ ਇੰਨੇ ਹੀ ਮੈਚਾਂ ਵਿਚ ਤੀਜੀ ਹਾਰ ਹੈ। ਰਾਜਸਥਾਨ ਲਈ ਦੇਵਦੱਤ ਪੱਡੀਕਲ ਨੇ 34 ਗੇਂਦਾਂ ’ਚ 52 ਦੌੜਾਂ ਦੀ ਪਾਰੀ ਖੇਡਣ ਦੇ ਨਾਲ ਯਸ਼ਸਵੀ ਜਾਇਸਵਾਲ ਨਾਲ ਦੂਜੀ ਵਿਕਟ ਲਈ 98 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਚੰਗੀ ਸਥਿਤੀ ਵਿਚ ਪਹੁੰਚਾ ਦਿੱਤਾ ਸੀ ਪਰ ਦੋਵਾਂ ਦੀ ਸਾਂਝੇਦਾਰੀ ਟੁੱਟਣ ਤੋਂ ਬਾਅਦ ਟੀਮ ਨੇ ਲੈਅ ਗੁਆ ਦਿੱਤੀ। ਪੱਡੀਕਲ ਨੇ 7 ਚੌਕੇ ਤੇ 1 ਛੱਕਾ ਲਾਇਆ, ਜਦਕਿ ਜਾਇਸਵਾਲ ਨੇ 37 ਗੇਂਦਾਂ ’ਚ 47 ਦੌੜਾਂ ਦੀ ਪਾਰੀ ਦੌਰਾਨ 5 ਚੌਕੇ ਤੇ 2 ਛੱਕੇ ਲਾਏ। ਆਖਰੀ ਓਵਰਾਂ ਵਿਚ ਧਰੁਵ ਜੁਰੇਲ ਨੇ 16 ਗੇਂਦਾਂ ’ਚ ਅਜੇਤੂ 34 ਦੌੜਾਂ ਦੀ ਪਾਰੀ ਖੇਡੀ ਪਰ ਉਸ ਨੂੰ ਦੂਜੇ ਪਾਸੇ ਤੋਂ ਚੰਗਾ ਸਾਥ ਨਹੀਂ ਮਿਲਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।