RCB ਨੂੰ ਵੇਚਣ ਦਾ ਹੋਇਆ ਐਲਾਨ; IPL 2026 ਤੋਂ ਪਹਿਲਾਂ ਮਿਲ ਸਕਦੈ ਨਵਾਂ ਮਾਲਕ
Wednesday, Nov 05, 2025 - 11:07 PM (IST)
ਸਪੋਰਟਸ ਡੈਸਕ - ਮੌਜੂਦਾ IPL ਚੈਂਪੀਅਨ (2025) ਅਤੇ ਸਾਬਕਾ WPL ਚੈਂਪੀਅਨ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦੀ ਫਰੈਂਚਾਇਜ਼ੀ ਵਿਕਣ ਜਾ ਰਹੀ ਹੈ। RCB ਦੀ ਮੌਜੂਦਾ ਮਾਲਕ ਡੀਏਜੀਓ (Diageo) ਇਸ ਫਰੈਂਚਾਇਜ਼ੀ ਤੋਂ ਬਾਹਰ ਹੋਣ ਦਾ ਐਲਾਨ ਕਰ ਚੁੱਕੀ ਹੈ।
ਡੀਏਜੀਓ ਨੇ ਕੀਤੀ ਪੁਸ਼ਟੀ
ਡੀਏਜੀਓ ਨੇ ਬੰਬੇ ਸਟਾਕ ਐਕਸਚੇਂਜ (BSE) ਨੂੰ ਭੇਜੀ ਗਈ ਇੱਕ ਚਿੱਠੀ ਵਿੱਚ ਇਸਦੀ ਪੁਸ਼ਟੀ ਕੀਤੀ ਹੈ। ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਡੀਏਜੀਓ ਦੀ ਸਹਾਇਕ ਕੰਪਨੀ ਯੂਨਾਈਟਿਡ ਸਪਿਰਿਟਸ ਲਿਮਟਿਡ (USL), ਜੋ ਕਿ IPL ਅਤੇ WPL ਵਿੱਚ RCB ਨੂੰ ਰਾਇਲ ਚੈਲੰਜਰਜ਼ ਸਪੋਰਟਸ ਪ੍ਰਾਈਵੇਟ ਲਿਮਟਿਡ (RCSPL) ਰਾਹੀਂ ਚਲਾਉਂਦੀ ਹੈ, ਨੇ ਆਪਣੇ ਨਿਵੇਸ਼ ਦੀ ਰਣਨੀਤਕ ਸਮੀਖਿਆ (Strategic Review) ਸ਼ੁਰੂ ਕਰ ਦਿੱਤੀ ਹੈ।
ਮੌਜੂਦਾ ਮਾਲਕਾਂ ਨੂੰ ਉਮੀਦ ਹੈ ਕਿ ਵਿਕਰੀ ਦੀ ਇਹ ਪ੍ਰਕਿਰਿਆ 31 ਮਾਰਚ 2026 ਤੱਕ ਪੂਰੀ ਹੋ ਜਾਵੇਗੀ। ਇਸਦਾ ਮਤਲਬ ਹੈ ਕਿ IPL 2026 ਜਾਂ WPL 2026 ਸੀਜ਼ਨ ਤੋਂ ਪਹਿਲਾਂ ਫਰੈਂਚਾਇਜ਼ੀ ਨੂੰ ਨਵਾਂ ਮਾਲਕ ਮਿਲ ਸਕਦਾ ਹੈ।
ਕੀਮਤ ਅਤੇ ਖਰੀਦਦਾਰ
ਜਦੋਂ BCCI ਨੇ 2008 ਵਿੱਚ IPL ਸ਼ੁਰੂ ਕੀਤਾ ਸੀ, ਤਾਂ RCB ਨੂੰ ਮਸ਼ਹੂਰ ਕਾਰੋਬਾਰੀ ਵਿਜੇ ਮਾਲਿਆ ਨੇ $111.6 ਮਿਲੀਅਨ (ਉਸ ਵੇਲੇ ਲਗਭਗ 600-700 ਕਰੋੜ ਰੁਪਏ) ਵਿੱਚ ਖਰੀਦਿਆ ਸੀ। 2014 ਵਿੱਚ, ਡੀਏਜੀਓ ਨੇ USL ਵਿੱਚ ਵੱਡੀ ਹਿੱਸੇਦਾਰੀ ਹਾਸਲ ਕਰਕੇ ਇਸਦਾ ਪੂਰਾ ਮਾਲਕਾਨਾ ਹੱਕ ਲੈ ਲਿਆ ਸੀ।
RCB ਦੇ 2025 ਵਿੱਚ IPL ਚੈਂਪੀਅਨ ਬਣਨ ਤੋਂ ਬਾਅਦ, ਇਸ ਫਰੈਂਚਾਇਜ਼ੀ ਦੀ ਕੀਮਤ $2 ਬਿਲੀਅਨ ਤੋਂ $2.5 ਬਿਲੀਅਨ (17 ਹਜ਼ਾਰ ਕਰੋੜ ਰੁਪਏ ਤੋਂ ਵੱਧ) ਹੋਣ ਦਾ ਦਾਅਵਾ ਕੀਤਾ ਗਿਆ ਸੀ। ਇਸ ਖਰੀਦਦਾਰੀ ਦੀ ਦੌੜ ਵਿੱਚ ਸੀਰਮ ਇੰਸਟੀਚਿਊਟ ਆਫ਼ ਇੰਡੀਆ (SII) ਦੇ ਸੀਈਓ ਅਦਾਰ ਪੂਨਾਵਾਲਾ ਅਤੇ JSW ਸਪੋਰਟਸ ਸਮੇਤ ਕੁਝ ਹੋਰ ਵੱਡੇ ਦਾਅਵੇਦਾਰਾਂ ਦੇ ਨਾਮ ਸਾਹਮਣੇ ਆਏ ਹਨ। ਅਦਾਰ ਪੂਨਾਵਾਲਾ ਨੇ ਇੱਕ ਟਵੀਟ ਵਿੱਚ ਕਿਹਾ ਸੀ ਕਿ ਸਹੀ ਕੀਮਤ 'ਤੇ RCB ਇੱਕ ਚੰਗੀ ਟੀਮ ਹੋਵੇਗੀ।
