ਪੰਜਾਬ ਕਿੰਗਜ਼ ਦਾ ਧਾਕੜ ਖਿਡਾਰੀ IPL 2026 ਤੋਂ ਬਾਹਰ! ਨਹੀਂ ਖੇਡੇਗਾ ਇਕ ਵੀ ਮੈਚ
Tuesday, Dec 02, 2025 - 01:01 PM (IST)
ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਅਗਲੇ ਸੀਜ਼ਨ ਦੀ ਮਿੰਨੀ-ਆਕਸ਼ਨ ਤੋਂ ਪਹਿਲਾਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਆਸਟ੍ਰੇਲੀਆ ਦੇ ਸਟਾਰ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਮੰਗਲਵਾਰ, 2 ਦਸੰਬਰ 2025 ਨੂੰ ਇਹ ਪੁਸ਼ਟੀ ਕਰ ਦਿੱਤੀ ਕਿ ਉਹ IPL 2026 ਲਈ ਹੋਣ ਵਾਲੀ ਨਿਲਾਮੀ ਵਿੱਚ ਹਿੱਸਾ ਨਹੀਂ ਲੈਣਗੇ। ਉਨ੍ਹਾਂ ਦੇ ਇਸ ਫੈਸਲੇ ਨੇ ਜ਼ੋਰਦਾਰ ਸੰਕੇਤ ਦੇ ਦਿੱਤਾ ਹੈ ਕਿ ਸ਼ਾਇਦ ਉਨ੍ਹਾਂ ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਆਪਣਾ ਆਖਰੀ ਮੈਚ ਖੇਡ ਲਿਆ ਹੈ।
ਮੈਕਸਵੈੱਲ ਦਾ ਭਾਵੁਕ ਸੰਦੇਸ਼
37 ਸਾਲ ਦੀ ਉਮਰ ਵਾਲੇ ਮੈਕਸਵੈੱਲ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਪੋਸਟ ਰਾਹੀਂ ਆਪਣੇ ਫੈਸਲੇ ਦੀ ਘੋਸ਼ਣਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਫੈਸਲਾ ਆਸਾਨ ਨਹੀਂ ਸੀ, ਪਰ ਕਾਫ਼ੀ ਸੋਚ-ਵਿਚਾਰ ਤੋਂ ਬਾਅਦ ਲਿਆ ਗਿਆ ਹੈ। ਮੈਕਸਵੈੱਲ ਨੇ ਲਿਖਿਆ, "IPL ਵਿੱਚ ਬਿਤਾਏ ਗਏ ਕਈ ਯਾਦਗਾਰ ਸੀਜ਼ਨ ਤੋਂ ਬਾਅਦ, ਮੈਂ ਇਸ ਸਾਲ ਆਪਣਾ ਨਾਮ ਆਕਸ਼ਨ ਵਿੱਚ ਨਾ ਪਾਉਣ ਦਾ ਫੈਸਲਾ ਕੀਤਾ ਹੈ। ਇਹ ਇੱਕ ਵੱਡਾ ਫੈਸਲਾ ਹੈ, ਅਤੇ ਮੈਂ ਇਸ ਨੂੰ ਬਹੁਤ ਸ਼ੁਕਰਗੁਜ਼ਾਰੀ ਨਾਲ ਲੈ ਰਿਹਾ ਹਾਂ, ਕਿਉਂਕਿ ਇਸ ਲੀਗ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ"। ਉਨ੍ਹਾਂ ਨੇ IPL ਨੂੰ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਲੀਗ ਨੇ ਉਨ੍ਹਾਂ ਨੂੰ ਬਿਹਤਰ ਖਿਡਾਰੀ ਹੀ ਨਹੀਂ, ਬਿਹਤਰ ਇਨਸਾਨ ਵੀ ਬਣਾਇਆ ਹੈ। ਹਾਲਾਂਕਿ, ਮੈਕਸਵੈੱਲ ਨੇ ਆਪਣੀ ਪੋਸਟ ਦੇ ਅੰਤ ਵਿੱਚ 'ਧੰਨਵਾਦ, ਉਮੀਦ ਹੈ ਜਲਦੀ ਮਿਲਾਂਗੇ (See You Soon)' ਲਿਖਿਆ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਹ ਭਵਿੱਖ ਵਿੱਚ ਮੈਂਟਰ, ਕੋਚ ਜਾਂ ਟੀਮ ਅੰਬੈਸਡਰ ਦੀ ਭੂਮਿਕਾ ਵਿੱਚ IPL ਵਿੱਚ ਵਾਪਸੀ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਮੈਕਸਵੈੱਲ ਨੇ ਆਖਰੀ ਸੀਜ਼ਨ ਵਿੱਚ ਪੰਜਾਬ ਕਿੰਗਜ਼ ਲਈ ਖੇਡਿਆ ਸੀ, ਜਿੱਥੇ ਉਹ ਉਂਗਲ ਦੀ ਸੱਟ ਕਾਰਨ ਜ਼ਿਆਦਾ ਪ੍ਰਭਾਵ ਨਹੀਂ ਪਾ ਸਕੇ ਸਨ ਅਤੇ ਸਿਰਫ਼ ਛੇ ਪਾਰੀਆਂ ਵਿੱਚ 48 ਦੌੜਾਂ ਹੀ ਬਣਾ ਪਾਏ ਸਨ। ਹਾਲਾਂਕਿ ਪੰਜਾਬ ਕਿੰਗਜ਼ ਵੱਲੋਂ ਇਸ ਸਾਲ ਲਈ ਗਲੈੱਨ ਮੈਕਸਵੈੱਲ ਨੂੰ ਰਿਟੇਨ ਨਹੀਂ ਕੀਤਾ ਗਿਆ ਸੀ। ਪਿਛਲੇ ਸਾਲ ਉਹ ਟੀਮ ਲਈ ਉਮੀਦ ਮੁਤਾਬਕ ਪ੍ਰਦਰਸ਼ਨ ਕਰਨ 'ਚ ਅਸਫ਼ਲ ਰਹੇ ਸਨ। ਮੈਕਸਵੈੱਲ ਦੇ ਸਭ ਤੋਂ ਵਧੀਆ ਸੀਜ਼ਨ 2014 (552 ਦੌੜਾਂ), 2021 (513 ਦੌੜਾਂ) ਅਤੇ 2023 (400 ਦੌੜਾਂ) ਰਹੇ ਸਨ।
