ਹੁਣ ਸ਼੍ਰੀਲੰਕਾ ਨਾਲ ਮੈਦਾਨ ''ਤੇ ਭਿੜੇਗੀ ਟੀਮ ਇੰਡੀਆ ! 5 ਮੈਚਾਂ ਦੀ ਟੀ-20 ਲੜੀ ਦਾ ਹੋਇਆ ਐਲਾਨ

Friday, Nov 28, 2025 - 03:56 PM (IST)

ਹੁਣ ਸ਼੍ਰੀਲੰਕਾ ਨਾਲ ਮੈਦਾਨ ''ਤੇ ਭਿੜੇਗੀ ਟੀਮ ਇੰਡੀਆ ! 5 ਮੈਚਾਂ ਦੀ ਟੀ-20 ਲੜੀ ਦਾ ਹੋਇਆ ਐਲਾਨ

ਸਪੋਰਟਸ ਡੈਸਕ- 2 ਨਵੰਬਰ ਨੂੰ ਵਨਡੇ ਵਿਸ਼ਵ ਕੱਪ ਫਾਈਨਲ 'ਚ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਪਹਿਲੀ ਵਾਰ ਖਿਤਾਬ 'ਤੇ ਕਬਜ਼ਾ ਕਰਨ ਵਾਲੀ ਭਾਰਤੀ ਮਹਿਲਾ ਟੀਮ ਨੇ ਇਤਿਹਾਸ ਰਚ ਦਿੱਤਾ ਸੀ। ਇਸ ਤੋਂ ਬਾਅਦ ਭਾਰਤੀ ਟੀਮ ਨੇ ਕੋਈ ਮੁਕਾਬਲਾ ਨਹੀਂ ਖੇਡਿਆ ਹੈ। ਭਾਰਤੀ ਟੀਮ ਨੇ ਦਸੰਬਰ ਮਹੀਨੇ ਬੰਗਲਾਦੇਸ਼ ਨਾਲ 3 ਵਨਡੇ ਤੇ 3 ਟੀ-20 ਮੈਚ ਖੇਡਣੇ ਸਨ, ਪਰ ਉੱਥੇ ਬਣੇ ਹੋਏ ਤਣਾਅਪੂਰਨ ਮਾਹੌਲ ਕਾਰਨ ਇਹ ਲੜੀ ਮੁਅੱਤਲ ਕਰ ਦਿੱਤੀ ਗਈ ਹੈ।

ਇਸ ਦੇ ਮੱਦੇਨਜ਼ਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਟੀਮ ਦੀ ਸ਼੍ਰੀਲੰਕਾ ਨਾਲ 5 ਮੈਚਾਂ ਦੀ ਟੀ-20 ਲੜੀ ਦਾ ਐਲਾਨ ਕਰ ਦਿੱਤਾ ਹੈ, ਜਿਸ ਦੀ ਜਾਣਕਾਰੀ ਬੋਰਡ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਪੋਸਟ ਸਾਂਝੀ ਕਰ ਕੇ ਦਿੱਤੀ ਹੈ।

ਆਪਣੀ ਪੋਸਟ 'ਚ ਬੋਰਡ ਨੇ ਸ਼੍ਰੀਲੰਕਾ ਨਾਲ 5 ਟੀ-20 ਮੈਚਾਂ ਦੀ ਲੜੀ ਦਾ ਸ਼ੈਡਿਊਲ ਜਾਰੀ ਕੀਤਾ ਹੈ। ਇਸ ਲੜੀ ਦੇ ਪਹਿਲੇ 2 ਮੁਕਾਬਲੇ ਵਿਸ਼ਾਖਾਪਟਮ 'ਚ ਖੇਡੇ ਜਾਣਗੇ, ਜਦਕਿ ਅਗਲੇ 3 ਮੁਕਾਬਲੇ ਤਿਰੂਵਨੰਤਪੁਰਮ 'ਚ ਖੇਡੇ ਜਾਣਗੇ।

ਇਸ ਸ਼ੈਡਿਊਲ ਮੁਤਾਬਕ ਲੜੀ ਦਾ ਪਹਿਲਾ ਮੁਕਾਬਲਾ 21 ਦਸੰਬਰ, ਦੂਜਾ ਮੁਕਾਬਲਾ 23 ਮਾਰਚ, ਤੀਜਾ ਮੁਕਾਬਲਾ 26 ਦਸੰਬਰ, ਚੌਥਾ ਮੁਕਾਬਲਾ 28 ਦਸੰਬਰ, ਜਦਕਿ ਲੜੀ ਦਾ ਪੰਜਵਾਂ ਤੇ ਆਖ਼ਰੀ ਮੁਕਾਬਲਾ 30 ਦਸੰਬਰ ਨੂੰ ਖੇਡਿਆ ਜਾਵੇਗਾ।

PunjabKesari

ਹਾਲਾਂਕਿ ਹਾਲੇ ਟੀਮ ਦਾ ਐਲਾਨ ਨਹੀਂ ਕੀਤਾ ਗਿਆ, ਪਰ ਪੋਸਟ ਦੇ ਅਨੁਸਾਰ ਹਰਮਨਪ੍ਰੀਤ ਕੌਰ ਇਕ ਵਾਰ ਫ਼ਿਰ ਤੋਂ ਟੀਮ ਦੀ ਕਮਾਨ ਸੰਭਾਲ ਸਕਦੀ ਹੈ, ਜਦਕਿ ਬਾਕੀ ਖਿਡਾਰੀਆਂ ਦਾ ਐਲਾਨ ਜਲਦੀ ਹੀ ਟੀਮ ਮੈਨੇਜਮੈਂਟ ਵੱਲੋਂ ਕਰ ਦਿੱਤਾ ਜਾਵੇਗਾ।


author

Harpreet SIngh

Content Editor

Related News